ਬੇਲੋ ਹੋਰੀਜ਼ੋਂਟੇ ਹਾਦਸਾ: ਉੱਡਦਾ ਜਹਾਜ਼ ਬਿਲਡਿੰਗ ਵਿੱਚ ਜਾ ਵੱਜਿਆ, ਵੀਡੀਓ ਸਾਹਮਣੇ

ਬੇਲੋ ਹੋਰੀਜ਼ੋਂਟੇ ਹਾਦਸਾ: ਉੱਡਦਾ ਜਹਾਜ਼ ਬਿਲਡਿੰਗ ਵਿੱਚ ਜਾ ਵੱਜਿਆ, ਵੀਡੀਓ ਸਾਹਮਣੇ

ਬ੍ਰਾਜ਼ੀਲ ਦੇ ਸ਼ਹਿਰ ਬੇਲੋ ਹੋਰੀਜ਼ੋਂਟੇ ਵਿੱਚ ਸੋਮਵਾਰ ਨੂੰ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਛੋਟਾ ਜਹਾਜ਼ ਉੱਡਦਿਆਂ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਾਇਲਟ ਅਤੇ ਸਹਿ-ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਹਾਜ਼ ਵਿੱਚ ਸਵਾਰ ਹੋਰ ਤਿੰਨ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਹਸਪਤਾਲ ਅਧਿਕਾਰੀਆਂ ਦੇ ਅਨੁਸਾਰ ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ, ਜਦਕਿ ਬਾਕੀ ਦੋ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿੱਧਾ ਇਮਾਰਤ ਨਾਲ ਟਕਰਾਇਆ, ਪਰ ਖੁਸ਼ਕਿਸਮਤੀ ਨਾਲ ਇਮਾਰਤ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਚੋਟ ਨਹੀਂ ਲੱਗੀ। ਇਮਾਰਤ ਨੂੰ ਨੁਕਸਾਨ ਹੋਣ ਦੇ ਬਾਵਜੂਦ ਉਹ ਢਹਿਣ ਤੋਂ ਬਚ ਗਈ ਹੈ ਅਤੇ ਇਸ ਸਮੇਂ ਡਿੱਗਣ ਦਾ ਕੋਈ ਤੁਰੰਤ ਖ਼ਤਰਾ ਨਹੀਂ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜਹਾਜ਼ ਨੂੰ ਹੌਲੀ-ਹੌਲੀ ਹੇਠਾਂ ਉਤਰਦਾ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਜਹਾਜ਼ ਉੱਚੀਆਂ ਇਮਾਰਤਾਂ ਤੋਂ ਬਚਣ ਲਈ ਖੱਬੇ ਪਾਸੇ ਮੁੜਦਾ ਹੈ, ਪਰ ਅੰਤ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਨਾਲ ਟਕਰਾ ਕੇ ਪਾਰਕਿੰਗ ਖੇਤਰ ਵਿੱਚ ਜਾ ਡਿੱਗਦਾ ਹੈ। ਫਾਇਰਫਾਈਟਰਾਂ ਦੇ ਅਨੁਸਾਰ ਜਹਾਜ਼ ਇਮਾਰਤ ਦੇ ਪੌੜੀਆਂ ਵਾਲੇ ਹਿੱਸੇ ਨਾਲ ਟਕਰਾਇਆ, ਜਿਸ ਕਾਰਨ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਿਆ।