ਸਮ੍ਰਿਤੀ ਮੰਧਾਨਾ ਨੇ ਰਚਿਆ ਨਵਾਂ ਇਤਿਹਾਸ, TIME ਦੀ 100 ਪ੍ਰਭਾਵਸ਼ਾਲੀ ਖਿਡਾਰੀਆਂ ਦੀ ਸੂਚੀ ਵਿੱਚ ਬਣਾਈ ਥਾਂ
- ਖੇਡਾਂ
- (Asia/Kolkata)
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਂ ਕਰ ਲਈ ਹੈ। ਮਸ਼ਹੂਰ TIME ਮੈਗਜ਼ੀਨ ਨੇ ਉਨ੍ਹਾਂ ਨੂੰ ਸਾਲ 2026 ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਵਿਸ਼ੇਸ਼ ਸੂਚੀ ਵਿੱਚ ਜਗ੍ਹਾ ਬਣਾਉਣ ਵਾਲੀ ਉਹ ਇਕਲੌਤੀ ਭਾਰਤੀ ਖਿਡਾਰੀ ਹੈ। ਇਸ ਸਮੇਂ ਸਮ੍ਰਿਤੀ ਮੰਧਾਨਾ ਇੰਗਲੈਂਡ ਵਿੱਚ ਚੱਲ ਰਹੇ ICC ਵੂਮੈਨਜ਼ T20 ਵਰਲਡ ਕੱਪ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਰਹੀ ਹੈ। ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਜਿਸ ਵਿੱਚ ਮੰਧਾਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ 44 ਗੇਂਦਾਂ ਵਿੱਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ। ਹੁਣ ਭਾਰਤੀ ਟੀਮ ਆਪਣਾ ਅਗਲਾ ਮੁਕਾਬਲਾ 17 ਜੂਨ ਨੂੰ ਨੀਦਰਲੈਂਡ ਖ਼ਿਲਾਫ਼ ਖੇਡੇਗੀ। ਇਸ ਮੈਚ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਨੂੰ ਮਿਲਿਆ ਇਹ ਅੰਤਰਰਾਸ਼ਟਰੀ ਸਨਮਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਭਾਰਤੀ ਕ੍ਰਿਕਟ ਲਈ ਖੁਸ਼ੀ ਦੀ ਖ਼ਬਰ ਬਣ ਕੇ ਸਾਹਮਣੇ ਆਇਆ ਹੈ। TIME ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਦੁਨੀਆ ਭਰ ਦੇ ਅਜਿਹੇ ਖਿਡਾਰੀ, ਕੋਚ ਅਤੇ ਨਿਵੇਸ਼ਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਖੇਡ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਆਪਣੇ ਪ੍ਰਭਾਵ ਨਾਲ ਵਿਸ਼ਵ ਪੱਧਰ 'ਤੇ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਸੂਚੀ ਵਿੱਚ ਅਮਰੀਕੀ ਬਾਸਕਟਬਾਲ ਸਟਾਰ ਲੈਬਰੋਨ ਜੇਮਸ, ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ, ਚੀਨੀ-ਅਮਰੀਕੀ ਸਕੀਅਰ ਆਈਲੀਨ ਗੂ, ਟੈਨਿਸ ਸਟਾਰ ਕਾਰਲੋਸ ਅਲਕਾਰਾਜ਼, ਬਾਸਕਟਬਾਲ ਖਿਡਾਰੀ ਵਿਕਟਰ ਵੇਮਬਾਨਿਆਮਾ ਅਤੇ ਗੋਲਫ਼ਰ ਰੋਰੀ ਮੈਕਲਰਾਏ ਵਰਗੇ ਕਈ ਪ੍ਰਸਿੱਧ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਂ ਵੀ ਸ਼ਾਮਲ ਹਨ।
Leave a Reply