ਅੰਮ੍ਰਿਤਸਰ 'ਚ ਟ੍ਰੈਫਿਕ ਡਿਊਟੀ ਦੌਰਾਨ ਸਕੂਟੀ ਨਾਲ ਟਕਰਾਏ ASI, ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਨਾਜ਼ੁਕ ਬਣੀ ਹਾਲਤ

ਅੰਮ੍ਰਿਤਸਰ 'ਚ ਟ੍ਰੈਫਿਕ ਡਿਊਟੀ ਦੌਰਾਨ ਸਕੂਟੀ ਨਾਲ ਟਕਰਾਏ ASI, ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਨਾਜ਼ੁਕ ਬਣੀ ਹਾਲਤ

ਅੰਮ੍ਰਿਤਸਰ ਵਿੱਚ ਟ੍ਰੈਫਿਕ ਡਿਊਟੀ ਦੌਰਾਨ ਸਕੂਟੀ ਦੀ ਲਪੇਟ ਵਿੱਚ ਆਉਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ਏ.ਐੱਸ.ਆਈ. (ASI) ਪਵਨ ਕੁਮਾਰ ਸ਼ਰਮਾ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਅਤੇ ਉਹ ਪਿਛਲੇ 12 ਦਿਨਾਂ ਤੋਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋਣ ਬਾਰੇ ਖ਼ਬਰਾਂ ਸਾਹਮਣੇ ਆਈਆਂ ਸਨ, ਪਰ ਤਾਜ਼ਾ ਜਾਣਕਾਰੀ ਅਨੁਸਾਰ ਉਹ ਹਸਪਤਾਲ ਵਿੱਚ ਹੀ ਇਲਾਜ ਅਧੀਨ ਹਨ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਉਹ ਬੋਲਣ ਦੀ ਹਾਲਤ ਵਿੱਚ ਵੀ ਨਹੀਂ ਹਨ। ਪਵਨ ਕੁਮਾਰ ਸ਼ਰਮਾ ਅੰਮ੍ਰਿਤਸਰ ਦੇ ਹੀ ਨਿਵਾਸੀ ਹਨ ਅਤੇ ਲਾਰੈਂਸ ਰੋਡ 'ਤੇ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 30 ਅਗਸਤ ਨੂੰ ਦੁਪਹਿਰ ਕਰੀਬ 1:45 ਵਜੇ ਵਾਪਰੀ, ਜਦੋਂ ਉਹ ਸੈਲੀਬ੍ਰੇਸ਼ਨ ਰੋਡ ਨੇੜੇ ਆਪਣੇ ਹੋਰ ਸਾਥੀ ਪੁਲਿਸ ਕਰਮਚਾਰੀਆਂ ਨਾਲ ਡਿਊਟੀ 'ਤੇ ਤਾਇਨਾਤ ਸਨ। ਡਿਊਟੀ ਦੌਰਾਨ ASI ਪਵਨ ਕੁਮਾਰ ਨੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸਕੂਟੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਸਕੂਟੀ ਚਾਲਕ ਨੇ ਵਾਹਨ ਨਹੀਂ ਰੋਕਿਆ ਤਾਂ ASI ਉਸ ਨੂੰ ਰੋਕਣ ਲਈ ਸੜਕ ਦੇ ਵਿਚਕਾਰ ਤੱਕ ਚਲੇ ਗਏ। ਇਸੇ ਦੌਰਾਨ ਪਿੱਛੋਂ ਆ ਰਹੀ ਇੱਕ ਹੋਰ ਸਕੂਟੀ, ਜਿਸ 'ਤੇ ਦੋ ਨੌਜਵਾਨ ਸਵਾਰ ਸਨ, ਅਚਾਨਕ ਸਾਹਮਣੇ ਆਏ ASI ਨੂੰ ਦੇਖ ਨਹੀਂ ਸਕੀ ਅਤੇ ਉਨ੍ਹਾਂ ਨਾਲ ਸਿੱਧੀ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਸਵਾਰ ਦੋਵੇਂ ਨੌਜਵਾਨ ਵੀ ਸੜਕ 'ਤੇ ਜਾ ਡਿੱਗੇ, ਜਦਕਿ ASI ਪਵਨ ਕੁਮਾਰ ਸ਼ਰਮਾ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਪਿਛਲੇ 12 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।