ਯੂਥ ਕਾਂਗਰਸ ਪ੍ਰਧਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਮੋਮਬੱਤੀ ਮਾਰਚ
- ਚੰਡੀਗੜ੍ਹ
- (Asia/Kolkata)
ਇੰਡੀਆ ਏ ਆਈ ਇੰਪੈਕਟ ਸਮਿਟ ਦੌਰਾਨ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਨੂੰ ਗ੍ਰਿਫ਼ਤਾਰ ਕਰਨ ਅਤੇ ਚਾਰ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜਣ ਦਾ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਰੋਧ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਕਾਂਗਰਸ ਵੱਲੋਂ ਸ਼ਾਮ ਸਮੇਂ ਸੁਖਨਾ ਝੀਲ ’ਤੇ ਪੁਲੀਸ ਕਾਰਵਾਈ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਵਿੱਚ ਚੰਡੀਗੜ੍ਹ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਹੋਏ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਸੰਵਿਧਾਨਕ ਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨ੍ਹਾਂ ਯੂਥ ਕਾਂਗਰਸ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ। ਚੰਡੀਗੜ੍ਹ ਕਾਂਗਰਸ ਦੇ ਆਗੂ ਮਨੋਜ ਲੁਬਾਣਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਕੇਂਦਰ ਸਰਕਾਰ ਜਾਂ ਭਾਜਪਾ ਵਿਰੁੱਧ ਉੱਠਣ ਵਾਲੀ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੂੰ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਬੀ ਆਰ ਅੰਬੇਡਕਰ ਅਤੇ ਭਗਤ ਸਿੰਘ ਤੋਂ ਜ਼ੁਲਮਾਂ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਪੁਲੀਸ ਕਾਰਵਾਈ ਮੋਦੀ ਸਰਕਾਰ ਦੀ ਰਾਜਨੀਤਿਕ ਅਸੁਰੱਖਿਆ ਅਤੇ ਕਾਇਰਤਾ ਨੂੰ ਉਜਾਗਰ ਕਰਦੀ ਹੈ। ਪਰ ਦੇਸ਼ ਦੇ ਨੌਜਵਾਨ ਕੇਂਦਰ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਗਤੀਵੀਧੀਆਂ ਤੋਂ ਡਰਨ ਵਾਲੇ ਨਹੀਂ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਵਿੱਚ ਵੱਖ-ਵੱਖ ਮੁੱਦਿਆਂ ’ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਹੈ, ਪਰ ਕੇਂਦਰ ਸਰਕਾਰ ਉਨ੍ਹਾਂ ਦੇ ਇਕ ਵੀ ਸਵਾਲ ਦਾ ਜਵਾਬ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਵੱਲੋਂ ਭਾਰਤੀ ਜ਼ਮੀਨ ’ਤੇ ਜ਼ਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਭਾਜਪਾ ਇਸ ਬਾਰੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਪਰ ਉਸ ਵੱਲੋਂ ਚੁੱਪ- ਚੁਪੀਤੇ ਐੱਸ ਆਈ ਆਰ ਦੀ ਆੜ ਹੇਠ ਵਿਰੋਧੀਆਂ ਦੀਆਂ ਵੋਟਾਂ ਨੂੰ ਕੱਟ ਕੇ ਆਪਣੀ ਫ਼ਰਜ਼ੀ ਵੋਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਭਾਜਪਾ ਦੀਆਂ ਸੰਵਿਧਾਨ ਵਿਰੋਧੀ ਨੀਤੀਆਂ ਨੂੰ ਜਾਣ ਚੁੱਕਿਆ ਹੈ ਅਤੇ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਚੁੱਕੇਗਾ।
Leave a Reply