ਕੇਂਦਰੀ ਹਲਕੇ ਵਿੱਚ 5 ਕਰੋੜ ਦੇ ਵਿਕਾਸ ਪ੍ਰੋਜੈਕਟ ਸ਼ੁਰੂ, ਕੰਮ ਜੰਗੀ ਪੱਧਰ ’ਤੇ: ਡਾ. ਅਜੇ ਗੁਪਤਾ

ਕੇਂਦਰੀ ਹਲਕੇ ਵਿੱਚ 5 ਕਰੋੜ ਦੇ ਵਿਕਾਸ ਪ੍ਰੋਜੈਕਟ ਸ਼ੁਰੂ, ਕੰਮ ਜੰਗੀ ਪੱਧਰ ’ਤੇ: ਡਾ. ਅਜੇ ਗੁਪਤਾ

(ਆਰ.ਕੇ. ਸੋਨੀ): ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਦਾਲ ਮੰਡੀ, ਸਵਾਕ ਮੰਡੀ, ਨਮਕ ਮੰਡੀ ਅਤੇ ਆਲੇ-ਦੁਆਲੇ ਖੇਤਰਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹਲਕੇ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲੀਆਂ ਅਤੇ ਸੜਕਾਂ ਦੇ ਨਿਰਮਾਣ ਲਈ 5 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਅਤੇ ਅੱਜ ਵਾਲਡ ਸਿਟੀ ਖੇਤਰ ਵਿੱਚ ਸ਼ੁਭਾਰੰਭ ਕੀਤਾ ਗਿਆ ਹੈ। ਡਾ. ਗੁਪਤਾ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਵਪਾਰੀ ਲੰਮੇ ਸਮੇਂ ਤੋਂ ਟੁੱਟੀਆਂ ਗਲੀਆਂ ਅਤੇ ਬਾਜ਼ਾਰਾਂ ਦੀ ਮੁਰੰਮਤ ਦੀ ਮੰਗ ਕਰ ਰਹੇ ਸਨ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਉਹ ਖੁਦ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਹਲਕੇ ਵਿੱਚ ਕੰਕਰੀਟ ਫਲੋਰਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸੜਕ ਨਿਰਮਾਣ ਲਈ ਹੌਟ ਮਿਕਸ ਪਲਾਂਟ ਵੀ ਜਲਦ ਚਾਲੂ ਕੀਤਾ ਜਾਵੇਗਾ, ਜਿਸ ਨਾਲ ਪ੍ਰੀਮਿਕਸ ਸੜਕਾਂ ਦਾ ਕੰਮ ਰਫ਼ਤਾਰ ਫੜੇਗਾ। ਵਿਧਾਇਕ ਨੇ ਦੱਸਿਆ ਕਿ ਖਾਪਰਖੇੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ 50 ਐਮ.ਐਲ.ਡੀ. ਵਧਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਹਲਕੇ ਦੀ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ। ਇਸ ਤੋਂ ਇਲਾਵਾ ਕੈਰੋ ਮਾਰਕੀਟ ਵਿੱਚ ਆਧੁਨਿਕ ਪਾਰਕਿੰਗ ਸਟੈਂਡ ਦੀ ਉਸਾਰੀ ਵੀ ਤੇਜ਼ੀ ਨਾਲ ਹੋ ਰਹੀ ਹੈ ਅਤੇ ਦੋਵੇਂ ਪ੍ਰੋਜੈਕਟ ਜੂਨ 2026 ਤੱਕ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਢਾਬਾ ਖਟੀਕਾ ਵਿਖੇ ਸਥਿਤ ਇਤਿਹਾਸਕ ਮਹਿਲਾ ਹਸਪਤਾਲ ਦੇ ਨਵੀਨੀਕਰਨ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸ ਮੌਕੇ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਵਿਧਾਇਕ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਵਾਰਡ ਇੰਚਾਰਜ ਰਿਸ਼ੀ ਕਪੂਰ, ਬੌਬੀ ਸੇਤੀਆ, ਗੁਰਮੀਤ ਸਿੰਘ ਕਾਲੜਾ, ਰਾਹੁਲ ਕੁਮਾਰ, ਮੈਡਮ ਰਾਸ਼ੀ, ਪਾਰਟੀ ਵਲੰਟੀਅਰ ਅਤੇ ਨਿਗਮ ਅਧਿਕਾਰੀ ਮੌਜੂਦ ਸਨ।