ਵਿਨੀਪੈਗ ’ਚ 23ਵਾਂ ਮਹਾਨ ਨਗਰ ਕੀਰਤਨ: ‘ਧਮਕੀਆਂ’ ਅਤੇ ਨਫ਼ਰਤੀ ਘਟਨਾਵਾਂ ਦੇ ਬਾਵਜੂਦ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਵਿਨੀਪੈਗ ’ਚ 23ਵਾਂ ਮਹਾਨ ਨਗਰ ਕੀਰਤਨ: ‘ਧਮਕੀਆਂ’ ਅਤੇ ਨਫ਼ਰਤੀ ਘਟਨਾਵਾਂ ਦੇ ਬਾਵਜੂਦ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਮੈਨੀਟੋਬਾ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਵਾਰ ਦਾ ਨਗਰ ਕੀਰਤਨ ਨਫ਼ਰਤੀ ਘਟਨਾਵਾਂ ਅਤੇ ਧਮਕੀਆਂ ਦੇ ਮਾਹੌਲ ਦਰਮਿਆਨ ਸੰਪੰਨ ਹੋਇਆ। ਵਿਨੀਪੈਗ ਪੁਲੀਸ ਅਨੁਸਾਰ, 4 ਸਤੰਬਰ ਨੂੰ ਸ਼ਹਿਰ ਦੇ ਕਈ ਟਰਾਂਜ਼ਿਟ ਬੋਰਡਾਂ ’ਤੇ ਸਵਾਸਤਿਕਾ ਸਮੇਤ ਨਫ਼ਰਤੀ ਚਿੰਨ੍ਹਾਂ ਵਾਲੀ ਗ੍ਰਾਫ਼ਿਟੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਐਤਵਾਰ ਦੇ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਕੁਝ ਧਮਕੀਆਂ ਵੀ ਸਾਹਮਣੇ ਆਈਆਂ ਸਨ। ਪੁਲੀਸ ਨੇ ਮਾਮਲੇ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਮੰਨਦਿਆਂ ਜਾਂਚ ਮੇਜਰ ਕ੍ਰਾਈਮ ਯੂਨਿਟ ਦੇ ਹੇਟ ਕਰਾਈਮ ਕੋਆਰਡੀਨੇਟਰਾਂ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਹਜ਼ਾਰਾਂ ਸ਼ਰਧਾਲੂਆਂ ਦਾ ਇੱਕਠੇ ਹੋਣਾ ਭਾਈਚਾਰੇ ਦੇ ਹੌਸਲੇ, ਚੜ੍ਹਦੀ ਕਲਾ ਅਤੇ ਏਕਤਾ ਦਾ ਪ੍ਰਗਟਾਵਾ ਬਣਿਆ। ਲੈਜਿਸਲੇਟਿਵ ਬਿਲਡਿੰਗ ਦੇ ਪਾਰਕ ਵਿੱਚ ਸੰਗਤਾਂ ਦੀ ਵੱਡੀ ਭੀੜ ਇਕੱਠੀ ਹੋਈ, ਜੋ ਪ੍ਰਬੰਧਕਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਸੀ। ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਸੁੰਦਰ ਢੰਗ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਪਿੱਛੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ। ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ ਗਈਆਂ। ਮੈਨੀਟੋਬਾ ਦੇ ਵੱਖ-ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਲੰਗਰ ਅਤੇ ਹੋਰ ਸੇਵਾਵਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਦੀਆਂ ਕਤਾਰਾਂ ਨੇ ਵਿਨੀਪੈਗ ਦੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ। ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਹਿਯੋਗ ਦਿੱਤਾ। ਚੋਣਾਂ ਦੇ ਮਾਹੌਲ ਦਰਮਿਆਨ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਭਰੀ ਅਤੇ ਇਸ ਨੂੰ ਵਿਭਿੰਨਤਾ ਤੇ ਭਾਈਚਾਰਕ ਏਕਤਾ ਦੀ ਮਿਸਾਲ ਦੱਸਿਆ। ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਪ੍ਰਧਾਨ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਭਰਵੀਂ ਹਾਜ਼ਰੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪ੍ਰਤੀ ਸੰਗਤ ਦੀ ਡੂੰਘੀ ਆਸਥਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਵੱਸਦਾ ਸਿੱਖ ਭਾਈਚਾਰਾ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੇਵਾ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਦੇ ਰਿਹਾ ਹੈ। ਇਹ 23ਵਾਂ ਮਹਾਨ ਨਗਰ ਕੀਰਤਨ ਨਵੀਂ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਵਿਨੀਪੈਗ ਵਿੱਚ ਸਿੱਖ ਭਾਈਚਾਰੇ ਦੀ ਏਕਤਾ ਅਤੇ ਸੇਵਾ-ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਬਣ ਕੇ ਨਿੱਬੜਿਆ।