ਮੁੱਖ ਮੰਤਰੀ ਵਿਜੇ ਦਾ ਵੱਡਾ ਫੈਸਲਾ, ਦੋ ਹਫ਼ਤਿਆਂ ਵਿੱਚ 717 ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ ਬੰਦ

ਮੁੱਖ ਮੰਤਰੀ ਵਿਜੇ ਦਾ ਵੱਡਾ ਫੈਸਲਾ, ਦੋ ਹਫ਼ਤਿਆਂ ਵਿੱਚ 717 ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ ਬੰਦ

ਤਮਿਲਨਾਡੂ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ Vijay ਲਗਾਤਾਰ ਵੱਡੇ ਫੈਸਲੇ ਲੈ ਰਹੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ 717 ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਨਿਰਦੇਸ਼ਾਂ ਅਨੁਸਾਰ ਇਹ ਸਾਰੀਆਂ ਦੁਕਾਨਾਂ ਧਾਰਮਿਕ ਸਥਾਨਾਂ, ਵਿਦਿਅਕ ਸੰਸਥਾਵਾਂ ਅਤੇ ਬੱਸ ਅੱਡਿਆਂ ਦੇ 500 ਮੀਟਰ ਦੇ ਦਾਇਰੇ ਵਿੱਚ ਸਥਿਤ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਸਾਰੇ ਠੇਕੇ ਅਗਲੇ ਦੋ ਹਫ਼ਤਿਆਂ ਦੇ ਅੰਦਰ ਬੰਦ ਕਰਨ ਲਈ ਕਿਹਾ ਹੈ। ਰਾਜ ਸਰਕਾਰ ਮੁਤਾਬਕ Tamil Nadu State Marketing Corporation ਇਸ ਵੇਲੇ ਪੂਰੇ ਤਮਿਲਨਾਡੂ ਵਿੱਚ 4,765 ਸ਼ਰਾਬ ਦੀਆਂ ਦੁਕਾਨਾਂ ਚਲਾ ਰਿਹਾ ਹੈ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਵੱਲੋਂ ਪੂਰੇ ਰਾਜ ਵਿੱਚ ਇੱਕ ਵਿਸ਼ੇਸ਼ ਸਰਵੇਖਣ ਕੀਤਾ ਗਿਆ। ਇਸ ਜਾਂਚ ਦਾ ਮਕਸਦ ਉਹਨਾਂ ਦੁਕਾਨਾਂ ਦੀ ਪਛਾਣ ਕਰਨਾ ਸੀ ਜੋ ਧਾਰਮਿਕ ਸਥਾਨਾਂ, ਸਕੂਲਾਂ, ਕਾਲਜਾਂ ਅਤੇ ਬੱਸ ਸਟੈਂਡਾਂ ਦੇ ਬਹੁਤ ਨੇੜੇ ਚੱਲ ਰਹੀਆਂ ਸਨ। ਸਰਵੇਖਣ ਦੌਰਾਨ ਪਤਾ ਲੱਗਾ ਕਿ 276 ਸ਼ਰਾਬ ਦੇ ਠੇਕੇ ਧਾਰਮਿਕ ਸਥਾਨਾਂ ਦੇ ਨੇੜੇ ਸਥਿਤ ਹਨ। ਇਸ ਤੋਂ ਇਲਾਵਾ 186 ਦੁਕਾਨਾਂ ਸਕੂਲਾਂ ਅਤੇ ਕਾਲਜਾਂ ਦੇ ਕੋਲ ਮਿਲੀਆਂ, ਜਦਕਿ 255 ਦੁਕਾਨਾਂ ਬੱਸ ਅੱਡਿਆਂ ਦੇ ਨੇੜੇ ਚੱਲ ਰਹੀਆਂ ਸਨ। ਇਸ ਤਰ੍ਹਾਂ ਸਰਕਾਰ ਵੱਲੋਂ ਕੁੱਲ 717 ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।