ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਬਫਰ ਸਟਾਕ ਬਾਜ਼ਾਰ ਵਿੱਚ ਉਤਾਰਿਆ
ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਆਪਣਾ ਬਫਰ ਸਟਾਕ ਬਾਜ਼ਾਰ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਮਹਾਰਾਸ਼ਟਰ ਦੇ ਨਾਸਿਕ ਤੋਂ ਵੱਧ ਖਪਤ ਵਾਲੇ ਕੇਂਦਰਾਂ ਤੱਕ ਪਿਆਜ਼ ਪਹੁੰਚਾਉਣ ਲਈ ‘ਕਾਂਦਾ ਐਕਸਪ੍ਰੈੱਸ’ ਰਾਹੀਂ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਵਿਸ਼ੇਸ਼ ਟਰੇਨ ਵਿੱਚ ਪਿਆਜ਼ ਦੀ ਖੇਪ ਲੋਡ ਕੀਤੀ ਜਾ ਰਹੀ ਹੈ। ਇਸ ਖੇਪ ਦੇ ਬੁੱਧਵਾਰ ਤੱਕ ਨਿਰਧਾਰਤ ਕੇਂਦਰਾਂ ‘ਤੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਬਾਅਦ NCCF ਅਤੇ NAFED ਵਰਗੀਆਂ ਸਰਕਾਰੀ ਏਜੰਸੀਆਂ ਰਾਹੀਂ ਪਿਆਜ਼ ਖੁਦਰਾ ਬਾਜ਼ਾਰ ਵਿੱਚ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਮੁਹੱਈਆ ਕਰਵਾਇਆ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਵਿੱਚ ਪਿਆਜ਼ ਦਾ ਖੁਦਰਾ ਭਾਅ ਕਰੀਬ 55 ਰੁਪਏ ਪ੍ਰਤੀ ਕਿਲੋ ਰਿਹਾ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਲਗਭਗ 35 ਰੁਪਏ ਪ੍ਰਤੀ ਕਿਲੋ ਸੀ। ਚੇਨਈ ਵਿੱਚ ਪਿਆਜ਼ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦਕਿ ਇੱਕ ਸਾਲ ਪਹਿਲਾਂ ਇਹ ਕਰੀਬ 33 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ ਵਿੱਚ ਵੀ ਪਿਆਜ਼ ਲਗਭਗ 53 ਰੁਪਏ ਪ੍ਰਤੀ ਕਿਲੋ ਵਿਕਿਆ। ਸਰਕਾਰ ਵੱਲੋਂ ਪਿਆਜ਼ ਦੀਆਂ ਕੀਮਤਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਨਿਧੀ ਖਰੇ ਨੇ ਕਿਹਾ ਕਿ ਨਾਸਿਕ ਦੀਆਂ ਮੰਡੀਆਂ ਵਿੱਚ ਪਿਆਜ਼ ਦੇ ਭਾਅ ਦਿੱਲੀ ਨਾਲੋਂ ਵੱਧ ਹੋਣਾ ਆਮ ਸਥਿਤੀ ਨਹੀਂ ਹੈ। ਉਨ੍ਹਾਂ ਮੁਤਾਬਕ, ਕੀਮਤਾਂ ਵਿੱਚ ਇਸ ਤਰ੍ਹਾਂ ਦੇ ਫਰਕ ਦੇ ਪਿੱਛੇ ਵਪਾਰਕ ਗਤੀਵਿਧੀਆਂ ਅਤੇ ਸੱਟੇਬਾਜ਼ੀ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਕੋਲ ਇਸ ਸਾਲ ਲਈ ਕਰੀਬ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਮੌਜੂਦ ਹੈ। ਸਰਕਾਰ ਦਾ ਕਹਿਣਾ ਹੈ ਕਿ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਸਟਾਕ ਕਾਫ਼ੀ ਹੈ। ਮਾਹਿਰਾਂ ਮੁਤਾਬਕ ਅਗਸਤ ਅਤੇ ਸਤੰਬਰ ਦੌਰਾਨ ਤਿਉਹਾਰਾਂ ਦੀ ਮੰਗ ਵਧਣ, ਮੌਸਮ ਵਿੱਚ ਤਬਦੀਲੀ, ਸਪਲਾਈ ਚੇਨ ਨਾਲ ਜੁੜੀਆਂ ਰੁਕਾਵਟਾਂ ਅਤੇ ਖਪਤ ਦੇ ਪੈਟਰਨ ਵਿੱਚ ਬਦਲਾਅ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਮੌਸਮੀ ਵਾਧਾ ਦੇਖਣ ਨੂੰ ਮਿਲਦਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਲੋੜ ਅਨੁਸਾਰ ਬਫਰ ਸਟਾਕ ਨੂੰ ਬਾਜ਼ਾਰ ਵਿੱਚ ਜਾਰੀ ਕਰਦੀ ਹੈ। ਇਸ ਕਦਮ ਦਾ ਉਦੇਸ਼ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਵਧਾਉਣਾ ਅਤੇ ਖਪਤਕਾਰਾਂ ਨੂੰ ਵਧੀਆਂ ਕੀਮਤਾਂ ਤੋਂ ਰਾਹਤ ਪ੍ਰਦਾਨ ਕਰਨਾ ਹੈ।
Posted By: Daily Suraj Bureau