Daily Suraj

ਪੰਜਾਬੀ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: 80 ਸਾਲਾ ਬਾਪੂ ਬਖ਼ਤਾਵਰ ਸਿੰਘ ਨੇ ਪੂਰੇ ਉਤਸ਼ਾਹ ਨਾਲ ਪਾਈ ਵੋਟ, 1971 ਤੋਂ ਨਿਭਾ ਰਹੇ ਨੇ ਸਰਗਰਮ ਭੂਮਿਕਾ

21 Sep, 2026 07:28 AM

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੌਰਾਨ ਲੋਕਤੰਤਰ ਅਤੇ ਸਿੱਖਿਆ ਪ੍ਰਤੀ ਅਨੋਖੀ ਲਗਨ ਦੇਖਣ ਨੂੰ ਮਿਲੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਧੱਲੇਕੇ ਦੇ ਰਹਿਣ ਵਾਲੇ 80 ਸਾਲਾ ਬਾਪੂ ਬਖ਼ਤਾਵਰ ਸਿੰਘ ਜੌਹਲ ਨੇ ਪੂਰੇ ਉਤਸ਼ਾਹ ਅਤੇ ਚਾਅ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹ ਮੋਗਾ ਦੇ ਗੁਰੂ ਨਾਨਕ ਕਾਲਜ ਸਥਿਤ ਵੋਟਿੰਗ ਕੇਂਦਰ ਵਿਖੇ ਆਪਣੇ ਲੜਕੇ ਨਾਲ ਪਹੁੰਚੇ, ਜਿੱਥੇ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਦੀ ਜਜ਼ਬੇਦਾਰ ਸ਼ਮੂਲੀਅਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਆਪਣੇ ਅਨੁਭਵ ਸਾਂਝੇ ਕਰਦਿਆਂ ਬਾਪੂ ਬਖ਼ਤਾਵਰ ਸਿੰਘ ਜੌਹਲ ਨੇ ਦੱਸਿਆ ਕਿ ਉਹ ਸਾਲ 1971 ਤੋਂ ਲਗਾਤਾਰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਮਾਣ ਅਤੇ ਸ਼ਾਨ ਹੈ, ਜਿੱਥੋਂ ਵਿੱਦਿਆ ਪ੍ਰਾਪਤ ਕਰਕੇ ਨਿਕਲੇ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿੱਚ ਵੱਡੀਆਂ ਮੱਲਾਂ ਮਾਰ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਯੂਨੀਵਰਸਿਟੀ ਨਾਲ ਆਪਣੇ ਆਤਮਿਕ ਲਗਾਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਸਬੰਧ 'ਨਹੁੰ-ਮਾਸ' ਵਰਗਾ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਦੀਆਂ ਅਨੇਕਾਂ ਖੱਟੀਆਂ-ਮਿੱਠੀਆਂ ਯਾਦਾਂ ਉਹ ਅੱਜ ਵੀ ਆਪਣੇ ਦਿਲ ਵਿੱਚ ਸਾਂਭੀ ਬੈਠੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਉਮਰ ਦੇ ਇਸ ਪੜਾਅ 'ਤੇ ਵੀ ਉਹ ਯੂਨੀਵਰਸਿਟੀ ਦੇ ਸਰਬਪੱਖੀ ਵਿਕਾਸ, ਸਿੱਖਿਆ ਦੇ ਉੱਚੇ ਮਿਆਰ ਅਤੇ ਉੱਥੇ ਹੋਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਡੂੰਘੀ ਦਿਲਚਸਪੀ ਰੱਖਦੇ ਹਨ। ਬਾਪੂ ਬਖ਼ਤਾਵਰ ਸਿੰਘ ਨੇ ਆਪਣੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਇਸ ਇਤਿਹਾਸਕ ਯੂਨੀਵਰਸਿਟੀ ਨਾਲ ਇਸੇ ਤਰ੍ਹਾਂ ਨਿਰੰਤਰ ਜੁੜੇ ਰਹਿਣਾ ਚਾਹੁੰਦੇ ਹਨ।

Posted By: Daily Suraj Bureau

Latest News