Daily Suraj

ਪੰਜਾਬੀ

ਕੈਨੇਡਾ 'ਚ ਧੁੰਦਲੇ ਭਵਿੱਖ ਕਾਰਨ ਨਿਰਾਸ਼ਾ ਦੇ ਆਲਮ 'ਚ ਪੰਜਾਬੀ ਨੌਜਵਾਨ: ਬਰੈਂਪਟਨ 'ਚ ਖ਼ੁਦਕੁਸ਼ੀ, ਸਰੀ 'ਚ ਗੋਲੀ ਮਾਰ ਕੇ ਜਾਨ ਲੈਣ ਦਾ ਯਤਨ

05 Nov, 2026 09:57 AM

ਸੁਨਹਿਰੇ ਭਵਿੱਖ ਦੇ ਸੁਫ਼ਨੇ ਲੈ ਕੇ ਕੈਨੇਡਾ ਪਹੁੰਚੇ ਪੰਜਾਬੀ ਨੌਜਵਾਨਾਂ ਲਈ ਭਵਿੱਖ ਦੀ ਧੁੰਦਲੀ ਤਸਵੀਰ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀਆਂ ਨਵੀਂਆਂ ਸਖ਼ਤੀਆਂ ਵੱਡੀ ਚੁਣੌਤੀ ਬਣ ਰਹੀਆਂ ਹਨ। ਨਿਰਾਸ਼ਾ ਦੇ ਇਸ ਆਲਮ ਵਿੱਚ ਕੁੱਝ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਵਰਗੇ ਖ਼ਤਰਨਾਕ ਕਦਮ ਚੁੱਕਣ ਦੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਨਵੰਬਰ ਦੇ ਪਹਿਲੇ ਚਾਰ ਦਿਨਾਂ ਵਿੱਚ ਹੀ ਦੋ ਵੱਖ-ਵੱਖ ਸ਼ਹਿਰਾਂ ਵਿੱਚ ਨੌਜਵਾਨਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਅਤੇ ਯਤਨ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਘਟਨਾਵਾਂ ਵਿੱਚ ਬਰੈਂਪਟਨ ਵਿਖੇ ਰਹਿੰਦੇ 24 ਸਾਲਾ ਪੰਜਾਬੀ ਨੌਜਵਾਨ ਸਿਮਰਜੀਤ ਸਿੰਘ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਅਗਲੇ ਹੀ ਦਿਨ ਸਰੀ ਦੇ ਉੱਤਰੀ ਹਿੱਸੇ ਵਿੱਚ ਇੱਕ ਹੋਰ ਨੌਜਵਾਨ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬਰੈਂਪਟਨ ਦੇ ਮ੍ਰਿਤਕ ਸਿਮਰਜੀਤ ਸਿੰਘ ਨੇ ਪੱਕੇ (PR) ਹੋਣ ਲਈ ਕਾਫ਼ੀ ਯਤਨ ਕੀਤੇ ਸਨ। ਉਸ ਨੇ ਇੱਕ ਟਰੱਕ ਕੰਪਨੀ ਤੋਂ ਕਥਿਤ ਐੱਲ.ਐੱਮ.ਆਈ.ਏ. (LMIA) ਹਾਸਲ ਕਰਨ ਲਈ 60 ਤੋਂ 70 ਹਜ਼ਾਰ ਡਾਲਰ ਤੱਕ ਖਰਚ ਕੀਤੇ ਸਨ। ਪਰ ਫਾਈਲ ਪ੍ਰੋਸੈਸ ਹੋਣ ਤੋਂ ਪਹਿਲਾਂ ਹੀ ਕੰਪਨੀ ਮਾਲਕ ਨੇ ਕੰਪਨੀ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਅਤੇ ਪੈਸੇ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਸਰਕਾਰ ਵੱਲੋਂ LMIA ਮੁਫ਼ਤ ਦਿੱਤੀ ਜਾਂਦੀ ਹੈ, ਪਰ ਕਈ ਰੁਜ਼ਗਾਰਦਾਤਿਆਂ ਨੇ ਇਸ ਨੂੰ ਧੰਦਾ ਬਣਾ ਲਿਆ ਸੀ, ਜਿਸ 'ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਰੋਕ ਲਗਾ ਦਿੱਤੀ ਸੀ। ਹਰ ਪਾਸਿਓਂ ਨਿਰਾਸ਼ ਹੋਣ ਤੋਂ ਬਾਅਦ ਸਿਮਰਜੀਤ ਨੇ ਇਹ ਖ਼ੌਫ਼ਨਾਕ ਰਸਤਾ ਚੁਣਿਆ। ਦੂਜੇ ਪਾਸੇ, ਸਰੀ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਹਾਲੇ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਨੌਜਵਾਨ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਉਕਤ ਨੌਜਵਾਨ ਕਰਜ਼ੇ ਦੇ ਬੋਝ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਸੀ। ਜ਼ਿਕਰਯੋਗ ਹੈ ਕਿ ਇਸ ਵੇਲੇ ਅੰਦਾਜ਼ਨ ਦੋ ਤੋਂ ਢਾਈ ਲੱਖ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਦੇ ਵਰਕ ਪਰਮਿਟ ਨਵੀਨੀਕਰਨ (Renew) ਨਹੀਂ ਹੋ ਰਹੇ ਅਤੇ ਕਈਆਂ ਦੇ ਸ਼ਰਨਾਰਥੀ (Refugee) ਦਾਅਵੇ ਰੱਦ ਹੋ ਚੁੱਕੇ ਹਨ। ਇਮੀਗ੍ਰੇਸ਼ਨ ਏਜੰਟਾਂ ਦੀ ਲੁੱਟ 'ਤੇ ਨਕੇਲ ਕੱਸਣ ਲਈ ਸਰਕਾਰ ਨੇ ਨਿਯਮ ਸਖ਼ਤ ਕਰਦਿਆਂ ਜੁਰਮਾਨੇ ਅਤੇ ਜੇਲ੍ਹ ਦੀ ਵਿਵਸਥਾ ਕੀਤੀ ਹੈ। ਪਿਛਲੇ ਮਹੀਨਿਆਂ ਦੌਰਾਨ ਸਟੱਡੀ ਵੀਜ਼ੇ 'ਤੇ ਆਏ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰੀ ਨੀਤੀਆਂ ਵਿੱਚ ਛੋਟ ਨਾ ਮਿਲਣ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਵਧਦੀ ਜਾ ਰਹੀ ਹੈ।

Latest News