ਬਲਾਕ ਸੰਮਤੀ ਫੱਤੂਢੀਂਗਾ ਦੀ ਚੋਣ ’ਚ ‘ਆਜ਼ਾਦ ਧੜੇ’ ਦਾ ਕਬਜ਼ਾ; ਮਨਵੀਰ ਕੌਰ ਚੇਅਰਪਰਸਨ ਅਤੇ ਦਲਜੀਤ ਕੌਰ ਵਾਈਸ ਚੇਅਰਪਰਸਨ ਚੁਣੇ ਗਏ
- ਕਪੂਰਥਲਾ
- (Asia/Kolkata)
(ਇੰਦਰਜੀਤ) ਬਲਾਕ ਸੰਮਤੀ ਫੱਤੂਢੀਂਗਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਈ ਅਹਿਮ ਚੋਣ ਵਿੱਚ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਗਵਾਈ ਵਾਲੇ ‘ਆਜ਼ਾਦ ਧੜੇ’ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਚੋਣ ਦੌਰਾਨ ਮਨਵੀਰ ਕੌਰ ਨੂੰ ਚੇਅਰਪਰਸਨ ਅਤੇ ਦਲਜੀਤ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ। ਚੇਅਰਪਰਸਨ ਦੀ ਚੋਣ ਵਿੱਚ ਆਜ਼ਾਦ ਧੜੇ ਦੀ ਉਮੀਦਵਾਰ ਮਨਵੀਰ ਕੌਰ ਨੂੰ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਵੋਟ ਸਮੇਤ ਕੁੱਲ 9 ਵੋਟਾਂ ਹਾਸਲ ਹੋਈਆਂ, ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸਿਰਫ਼ 7 ਵੋਟਾਂ ਨਾਲ ਸਬਰ ਕਰਨਾ ਪਿਆ। ਵਾਈਸ ਚੇਅਰਪਰਸਨ ਦੀ ਚੋਣ ਬੇਹੱਦ ਦਿਲਚਸਪ ਰਹੀ, ਜਿੱਥੇ ਦੋਵਾਂ ਉਮੀਦਵਾਰਾਂ ਨੂੰ 8-8 ਵੋਟਾਂ ਮਿਲਣ ਕਾਰਨ ਮੁਕਾਬਲਾ ਬਰਾਬਰੀ ’ਤੇ ਰਿਹਾ। ਅੰਤ ਵਿੱਚ ਟਾਸ ਪਾਈ ਗਈ, ਜਿਸ ਵਿੱਚ ਕਿਸਮਤ ਨੇ ਆਜ਼ਾਦ ਧੜੇ ਦਾ ਸਾਥ ਦਿੱਤਾ ਅਤੇ ਦਲਜੀਤ ਕੌਰ ਜੇਤੂ ਕਰਾਰ ਦਿੱਤੇ ਗਏ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਜਿੱਤ ਇਲਾਕੇ ਦੇ ਲੋਕਾਂ ਅਤੇ ਮੈਂਬਰਾਂ ਦੇ ਭਰੋਸੇ ਦੀ ਜਿੱਤ ਹੈ। ਉਨ੍ਹਾਂ ਕਿਹਾ, "ਮੈਂ ਹਮੇਸ਼ਾ ਆਪਣੇ ਮੈਂਬਰਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹਾਂ ਅਤੇ ਇਲਾਕੇ ਦੇ ਵਿਕਾਸ ਲਈ ਦਿਨ-ਰਾਤ ਡਟ ਕੇ ਸਾਥ ਦੇਵਾਂਗਾ। ਜਿੱਤ ਤੋਂ ਬਾਅਦ ਕਪੂਰਥਲਾ ਦੇ 'ਏਕਤਾ ਭਵਨ' ਕਾਂਗਰਸ ਦਫ਼ਤਰ ਵਿਖੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮੌਜੂਦਗੀ ਵਿੱਚ ਹਲਕਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਢੋਲ ਦੀ ਥਾਪ 'ਤੇ ਭੰਗੜੇ ਪਾਏ ਅਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਇਲਾਕੇ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਤੇ ਅਮਰਜੀਤ ਸਿੰਘ ਸੈਦੋਵਾਲ, ਹਰਜਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਚੇਅਰਮੈਨ ਰਾਜਿੰਦਰ ਤਕੀਆ, ਚੇਅਰਮੈਨ ਬੱਗਾ, ਜਗਜੀਤ ਚੰਦੀ, ਰਵੀ ਪਿਥੋਰਾਹਲ, ਸੋਨੂੰ ਝੰਡੂਵਾਲ, ਗੁਰਮੀਤ ਸਿੰਘ ਸਰਪੰਚ ਬਾਊਪੁਰ, ਗੁਰਦੌਰ ਆਹਲੀ, ਸਰੂਪ ਭਰੋਆਣਾ, ਬਲਦੇਵ ਬਿੱਲਾ ਸਾਬਕਾ ਸਰਪੰਚ ਚਨਣਵਿੰਡੀ, ਪੱਪੀ ਸਰਪੰਚ ਡੇਰਾ ਸੈਦਾਂ, ਨੰਬਰਦਾਰ ਕਸ਼ਮੀਰ ਪਰਮਜੀਤਪੁਰ, ਮੋਹਿੰਦਰ ਭਿੰਦਾ ਸੁਰਖਪੁਰ, ਮਨਮੋਹਨ ਕੋਚ ਛੰਨਾ ਸ਼ੇਰ ਸਿੰਘ, ਮੰਗਲ ਸਿੰਘ ਮੁੰਡੀ, ਡਾਕਟਰ ਕੁਲਦੀਪ ਸਿੰਘ ਉੱਚਾ, ਬੱਬੂ ਖੇੜਾ, ਸਾਬਕਾ ਸਰਪੰਚ ਸੁਖਦੇਵ ਕਿਸ਼ਨ ਸਿੰਘ ਵਾਲਾ, ਇੰਦਰਜੀਤ ਸਿੰਘ ਖਾਲੂ, ਰਾਜਦਵਿੰਦਰ ਸਰਪੰਚ ਭੁਲਾਣਾ, ਲਾਡੀ ਮੁਰਾਦਪੁਰ, ਨਵਦੀਪ ਸੁਜੋਕਾਲੀਆ, ਸਰਪੰਚ ਦਲਬੀਰ ਸਹੋਤਾ ਹੁਸੈਨਪੁਰ ਦੂਲੋਵਾਲ, ਗੋਲਡੀ ਮੇਵਾ ਸਿੰਘ ਵਾਲਾ, ਨਵਨੀਤ ਚੀਮਾ, ਦੀਪਕ ਰਾਜੂ ਧੀਰ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਤੇਜਵੰਤ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਜੁਗਲ ਕਿਸ਼ੋਰ ਕੋਹਲੀ ਐਮਸੀ, ਗੁਰਦੀਪ ਸਿੰਘ ਸਾਬਕਾ ਸਰਪੰਚ ਬਾਜਾ, ਜੋਗਾ ਸਿੰਘ ਕਾਲੇਵਾਲ , ਅਮਰਜੀਤ ਖਿੰਡਾ ਲੋਧੀਵਾਲ ਮੈਂਬਰ ਜ਼ਿਲ੍ਹਾ ਪਰਿਸ਼ਦ, ਬਲਜਿੰਦਰ ਖਿੰਡਾ ਲੋਧੀਵਾਲ, ਨੰਬਰਦਾਰ ਸੁਖਦੇਵ ਕਬੀਰਪੁਰ ਅਤੇ ਸੁਖਚੈਨ ਆਹਲੀ ਆਦਿ ਹਾਜ਼ਰ ਸਨ।
Leave a Reply