ਤਰਨ ਤਾਰਨ ‘ਚ ਦਰਦਨਾਕ ਘਟਨਾ, ਭਰਾ ਨੇ ਕਹੀ ਨਾਲ ਭੈਣ ਦਾ ਕੀਤਾ ਕਤਲ

ਤਰਨ ਤਾਰਨ ‘ਚ ਦਰਦਨਾਕ ਘਟਨਾ, ਭਰਾ ਨੇ ਕਹੀ ਨਾਲ ਭੈਣ ਦਾ ਕੀਤਾ ਕਤਲ

ਸਰਹੱਦੀ ਖੇਤਰ ਦੇ ਪਿੰਡ ਸਭਰਾ ਵਿੱਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸੇ ਜਾ ਰਹੇ ਇੱਕ ਵਿਅਕਤੀ ਨੇ ਆਪਣੀ ਸਕੀ ਭੈਣ, ਦੋ ਬੱਕਰੀਆਂ ਅਤੇ ਇੱਕ ਪਾਲਤੂ ਕੁੱਤੇ ਦਾ ਕਹੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਦੀ ਮਾਂ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਲੜਕੀ ਅਤੇ ਮੁਲਜ਼ਮ ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਸਾਲ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਨ੍ਹਾਂ ਦੇ ਅਨੁਸਾਰ ਰਸਾਲ ਸਿੰਘ ਨੇ ਪਹਿਲਾਂ ਘਰ ਵਿੱਚ ਪਾਲੀਆਂ ਦੋ ਬੱਕਰੀਆਂ ਅਤੇ ਇੱਕ ਕੁੱਤੀ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਸੰਦੀਪ ਕੌਰ ‘ਤੇ ਕਹੀ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਮਾਂ ਨੇ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਕੌਰ ਦਾ ਵਿਆਹ ਪਿੰਡ ਤੂਤ ਵਿੱਚ ਹੋਇਆ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਉਹ ਆਪਣੇ ਮਾਨਸਿਕ ਤੌਰ ‘ਤੇ ਬਿਮਾਰ ਭਰਾ ਦੀ ਸਿਹਤ ਦਾ ਪਤਾ ਲੈਣ ਲਈ ਸਹੁਰੇ ਘਰੋਂ ਆਪਣੇ ਪੇਕੇ ਪਿੰਡ ਆਈ ਹੋਈ ਸੀ। ਸਥਾਨਕ ਲੋਕਾਂ ਨੇ ਵੀ ਦੱਸਿਆ ਕਿ ਰਸਾਲ ਸਿੰਘ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।