ਜੀ-20 ਸੰਮੇਲਨ ਵਿੱਚ ਪੁਤਿਨ ਲਈ ਕਾਰਨੀ ਦਾ ਸਾਫ਼ ਸੁਨੇਹਾ: ‘ਯੂਕਰੇਨ ਛੱਡੋ’

ਜੀ-20 ਸੰਮੇਲਨ ਵਿੱਚ ਪੁਤਿਨ ਲਈ ਕਾਰਨੀ ਦਾ ਸਾਫ਼ ਸੁਨੇਹਾ: ‘ਯੂਕਰੇਨ ਛੱਡੋ’

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਜੇਕਰ ਦਸੰਬਰ ਵਿੱਚ ਅਮਰੀਕਾ ਦੇ ਮਿਆਮੀ ਸ਼ਹਿਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਉਨ੍ਹਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਗੱਲਬਾਤ ਨੂੰ ਲੰਬਾ ਨਹੀਂ ਖਿੱਚਣਗੇ। ਕਾਰਨੀ ਨੇ ਸਪਸ਼ਟ ਕੀਤਾ ਕਿ ਪੁਤਿਨ ਲਈ ਉਨ੍ਹਾਂ ਦਾ ਸੁਨੇਹਾ ਸਿੱਧਾ ਹੋਵੇਗਾ – “ਯੂਕਰੇਨ ਵਿੱਚੋਂ ਬਾਹਰ ਨਿਕਲੋ ਅਤੇ ਜੰਗ ਖ਼ਤਮ ਕਰੋ।” ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਰਨੀ ਤੋਂ ਪੁੱਛਿਆ ਗਿਆ ਕਿ ਜੇਕਰ ਜੀ-20 ਸੰਮੇਲਨ ਵਿੱਚ ਪੁਤਿਨ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਕੀ ਕਹਿਣਗੇ। ਇਸ ’ਤੇ ਕਾਰਨੀ ਨੇ ਕਿਹਾ ਕਿ ਉਹ ਪੁਤਿਨ ਨੂੰ ਯੂਕਰੇਨ ਦੀ ਧਰਤੀ ਵਾਪਿਸ ਕਰਨ ਅਤੇ ਜੰਗ ਖ਼ਤਮ ਕਰਨ ਲਈ ਕਹਿਣਗੇ। ਉਨ੍ਹਾਂ ਨੇ ਜੋੜਿਆ ਕਿ ਇਸ ਤੋਂ ਬਾਅਦ ਗੱਲਬਾਤ ਇੱਥੇ ਹੀ ਸਮਾਪਤ ਕਰ ਦਿੱਤੀ ਜਾਵੇਗੀ। ਇਸ ਸਾਲ ਦੇ ਜੀ-20 ਸੰਮੇਲਨ ਦੀ ਮੇਜ਼ਬਾਨੀ ਅਮਰੀਕਾ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਹੀ ਪੁਤਿਨ ਨੂੰ ਸੰਮੇਲਨ ਵਿੱਚ ਸੱਦਾ ਦੇਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਰੂਸ ਵੱਲੋਂ ਵੀ ਸੰਕੇਤ ਮਿਲੇ ਹਨ ਕਿ ਪੁਤਿਨ ਇਹ ਸੱਦਾ ਸਵੀਕਾਰ ਕਰ ਸਕਦੇ ਹਨ। ਕਾਰਨੀ ਨੇ ਕਿਹਾ ਕਿ ਪੁਤਿਨ ਨੂੰ ਨਾ ਬੁਲਾਉਣ ਦੇ ਕਈ ਵਾਜਬ ਕਾਰਨ ਹਨ, ਪਰ ਕਿਸੇ ਦੇਸ਼ ਜਾਂ ਆਗੂ ਨੂੰ ਸੱਦਾ ਦੇਣਾ ਮੇਜ਼ਬਾਨ ਦੇਸ਼ ਦਾ ਅਧਿਕਾਰ ਹੈ। ਯਾਦ ਰਹੇ ਕਿ 2022 ਵਿੱਚ ਯੂਕਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਪੁਤਿਨ ਨੇ ਕਿਸੇ ਵੀ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ। ਉਨ੍ਹਾਂ ਖ਼ਿਲਾਫ਼ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਹੈ। ਇਸੇ ਦੌਰਾਨ ਅਮਰੀਕਾ ਵਿੱਚ ਹੋਈ ਜੀ-20 ਵਿੱਤ ਮੰਤਰੀਆਂ ਦੀ ਮੀਟਿੰਗ ਵਿੱਚ ਰੂਸ ਦੇ ਵਿੱਤ ਮੰਤਰੀ ਐਂਟਨ ਸਿਲੂਆਨੋਵ ਦੀ ਮੌਜੂਦਗੀ ਨੂੰ ਲੈ ਕੇ ਕੈਨੇਡਾ ਨੇ ਨਾਰਾਜ਼ਗੀ ਜ਼ਾਹਰ ਕੀਤੀ। ਕੈਨੇਡਾ ਦੇ ਵਿੱਤ ਮੰਤਰੀ ਫ਼੍ਰੈਂਸੁਆ-ਫ਼ਿਲਿਪ ਸ਼ੈਂਪੇਨ ਨੇ ਕਿਹਾ ਕਿ ਰੂਸੀ ਮੰਤਰੀ ਦੀ ਮੌਜੂਦਗੀ ਕਾਰਨ ਮੀਟਿੰਗ ਵਿੱਚ ਬੇਚੈਨੀ ਰਹੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੈਨੇਡਾ ਯੂਕਰੇਨ ਦੀ ਮਦਦ ਕਰਨ ਦੇ ਆਪਣੇ ਫ਼ੈਸਲੇ ’ਤੇ ਕਾਇਮ ਹੈ। ਸੂਤਰਾਂ ਮੁਤਾਬਕ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੈਲੈਂਸਕੀ ਦੇ ਅਗਲੇ ਹਫ਼ਤੇ ਕੈਨੇਡਾ ਦੌਰੇ ਦੀ ਸੰਭਾਵਨਾ ਹੈ। ਜ਼ੈਲੈਂਸਕੀ ਪਿਛਲੀ ਵਾਰ ਦਸੰਬਰ ਵਿੱਚ ਕੈਨੇਡਾ ਆਏ ਸਨ, ਜਿੱਥੇ ਉਨ੍ਹਾਂ ਨੇ ਕਾਰਨੀ ਨਾਲ ਮੁਲਾਕਾਤ ਕੀਤੀ ਸੀ। ਕਾਰਨੀ ਦਾ ਪੁਤਿਨ ਲਈ ਸੁਨੇਹਾ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ 2014 ਦੀ ਜੀ-20 ਮੀਟਿੰਗ ਦੀ ਯਾਦ ਦਿਵਾਉਂਦਾ ਹੈ, ਜਦੋਂ ਹਾਰਪਰ ਨੇ ਵੀ ਪੁਤਿਨ ਨੂੰ ਯੂਕਰੇਨ ਵਿੱਚੋਂ ਬਾਹਰ ਨਿਕਲਣ ਲਈ ਕਿਹਾ ਸੀ। ਇਸੇ ਦੌਰਾਨ, ਰੂਸ ਅਤੇ ਯੂਕਰੇਨ ਵੱਲੋਂ ਸ਼ਾਂਤੀ ਦੀਆਂ ਸੰਭਾਵਨਾਵਾਂ ਬਾਰੇ ਕੁਝ ਆਸ਼ਾਵਾਦੀ ਬਿਆਨ ਵੀ ਸਾਹਮਣੇ ਆਏ ਹਨ। ਪੁਤਿਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਸਮੇਤ ਕਈ ਦੇਸ਼ ਸ਼ਾਂਤੀ ਸਮਝੌਤਾ ਕਰਵਾਉਣ ਲਈ ਤਿਆਰ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਵੀ ਕਿਹਾ ਕਿ ਸ਼ਾਂਤੀ ਯਤਨਾਂ ਵਿੱਚ ਨਵੀਂ ਗਤੀ ਆ ਸਕਦੀ ਹੈ।