ਖੈਬਰ ਪਖਤੂਨਖਵਾ ਵਿੱਚ ਗੁਰਦੁਆਰੇ ਦੇ ਸੇਵਾਦਾਰ ਸਿੱਖ ਜੋੜੇ ਦਾ ਕਤਲ, ਜਾਂਚ ਜਾਰੀ
- ਵਿਦੇਸ਼
- (Asia/Kolkata)
ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਗੁਰਦੁਆਰੇ ਦੀ ਦੇਖਭਾਲ ਕਰਨ ਵਾਲੇ ਸਿੱਖ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਪਿਸ਼ਾਵਰ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੱਛਮ ਸਥਿਤ ਮਰਦਾਨ ਦੇ ਬਾਬੂ ਮੁਹੱਲਾ ਇਲਾਕੇ ਵਿੱਚ ਵਾਪਰੀ। ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ, ਅਣਪਛਾਤੇ ਹਮਲਾਵਰਾਂ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਗੁਰਦੁਆਰੇ ਦੀ ਦੇਖਭਾਲ ਕਰਨ ਵਾਲੇ ਸਿੱਖ ਜੋੜੇ ਜਗਨਨਾਥ ਅਤੇ ਉਨ੍ਹਾਂ ਦੀ ਪਤਨੀ ਅਸਮਾ ਵੰਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ। ਇਸ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਘਟਨਾ ਨਾ ਸਿਰਫ਼ ਸਿੱਖ ਭਾਈਚਾਰੇ, ਸਗੋਂ ਪਾਕਿਸਤਾਨ ਵਿੱਚ ਰਹਿ ਰਹੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਧਾਰਮਿਕ ਸਦਭਾਵਨਾ ਅਤੇ ਸਮਾਜਿਕ ਸ਼ਾਂਤੀ ਲਈ ਗੰਭੀਰ ਖ਼ਤਰਾ ਹਨ।
Leave a Reply