‘ਮੈਂ ਪ੍ਰਭਾਵਿਤ ਹੋ ਗਈ ਸੀ’: ਪੀਐੱਮ ਮੋਦੀ ਬਾਰੇ ਵਾਇਰਲ ਵੀਡੀਓ ਦੀ ਕੁੜੀ ਨੇ ਮੰਗੀ ਮੁਆਫ਼ੀ

‘ਮੈਂ ਪ੍ਰਭਾਵਿਤ ਹੋ ਗਈ ਸੀ’: ਪੀਐੱਮ ਮੋਦੀ ਬਾਰੇ ਵਾਇਰਲ ਵੀਡੀਓ ਦੀ ਕੁੜੀ ਨੇ ਮੰਗੀ ਮੁਆਫ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਵਾਲੀ ਵਾਇਰਲ ਵੀਡੀਓ ਵਿੱਚ ਕਥਿਤ ਤੌਰ 'ਤੇ ਨਜ਼ਰ ਆਉਣ ਵਾਲੀ ਇੱਕ ਕੁੜੀ ਨੇ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਮਾਫ਼ੀ ਮੰਗਦਿਆਂ ਇੱਕ ਵੀਡੀਓ ਜਾਰੀ ਕੀਤੀ। ਉਸ ਨੇ ਕਿਹਾ ਕਿ ਉਹ ਦੂਜਿਆਂ ਦੇ ਪ੍ਰਭਾਵ ਵਿੱਚ ਆ ਗਈ ਸੀ ਅਤੇ ਉਸ ਨੂੰ ਅਜਿਹਾ ਕਰਨ ਲਈ ਭਰਮਾਇਆ ਗਿਆ ਸੀ। ਆਪਣੀ ਉਮਰ 15 ਸਾਲ ਦੱਸਣ ਵਾਲੀ ਕੁੜੀ ਨੇ ਦਾਅਵਾ ਕੀਤਾ ਕਿ ਵਾਇਰਲ ਵੀਡੀਓ ਉਸ ਨੇ ਖੁਦ ਪੋਸਟ ਨਹੀਂ ਕੀਤੀ ਸੀ। ਉਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਬਹੁਤ ਜ਼ਿਆਦਾ ਸ਼ਰਮਿੰਦਾ ਅਤੇ ਲੱਜਿਤ ਮਹਿਸੂਸ ਕਰ ਰਹੀ ਹੈ। ਹਾਲਾਂਕਿ, ਖ਼ਬਰ ਏਜੰਸੀ ਪੀਟੀਆਈ ਇਸ ਮਾਫ਼ੀ ਵਾਲੀ ਵੀਡੀਓ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕੀ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਜੰਤਰ-ਮੰਤਰ 'ਤੇ ਹੋਏ ਪ੍ਰਦਰਸ਼ਨ ਦੌਰਾਨ ਨਾ ਸਿਰਫ਼ ਉਨ੍ਹਾਂ ਨੂੰ, ਸਗੋਂ ਉਨ੍ਹਾਂ ਦੀ ਮਰਹੂਮ ਮਾਤਾ ਨੂੰ ਵੀ ਅਪਮਾਨਜਨਕ ਅਤੇ ਭੱਦੀਆਂ ਗਾਲ੍ਹਾਂ ਕੱਢੀਆਂ ਗਈਆਂ। ਉਨ੍ਹਾਂ ਕਿਹਾ ਕਿ "ਕੁਰਾਹੇ ਪਏ ਬੱਚਿਆਂ" ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਹੀ ਰਸਤੇ ਦੀ ਅਗਵਾਈ ਦਿੱਤੀ ਜਾਣੀ ਚਾਹੀਦੀ ਹੈ। ਆਪਣੀ ਮਾਫ਼ੀ ਵਾਲੀ ਵੀਡੀਓ ਵਿੱਚ ਕੁੜੀ ਨੇ ਕਿਹਾ ਕਿ ਉਹ ਜੁਲਾਈ ਮਹੀਨੇ ਵਿੱਚ ਆਪਣੇ ਦੋਸਤਾਂ ਨਾਲ ਕਨਾਟ ਪਲੇਸ ਗਈ ਸੀ। ਉੱਥੇ ਉਸ ਦਾ ਸਾਹਮਣਾ ਲੋਕਾਂ ਦੇ ਇੱਕ ਸਮੂਹ ਨਾਲ ਹੋਇਆ, ਜੋ ਪ੍ਰਧਾਨ ਮੰਤਰੀ ਖ਼ਿਲਾਫ਼ ਅਪਮਾਨਜਨਕ ਅਤੇ ਇਤਰਾਜ਼ਯੋਗ ਭਾਸ਼ਾ ਵਰਤ ਰਹੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਕੀਤਾ ਅਤੇ ਉਹੀ ਸ਼ਬਦ ਦੁਹਰਾਉਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਸ ਨੇ ਵੀ ਅਜਿਹਾ ਕੀਤਾ। ਕੁੜੀ ਨੇ ਅੱਗੇ ਕਿਹਾ, “ਮੈਂ ਕਿਸੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਹੀਂ ਦੇਖ ਸਕਦੀ। ਮੈਂ ਪੂਰੇ ਦੇਸ਼ ਅਤੇ ਹਰ ਇੱਕ ਵਿਅਕਤੀ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਸਿਰਫ਼ 15 ਸਾਲ ਦੀ ਹਾਂ। ਇਹ ਮੇਰੀ ਪਹਿਲੀ ਅਤੇ ਆਖਰੀ ਗਲਤੀ ਹੈ ਅਤੇ ਮੈਂ ਭਵਿੱਖ ਵਿੱਚ ਕਦੇ ਵੀ ਅਜਿਹਾ ਕੰਮ ਦੁਬਾਰਾ ਨਹੀਂ ਕਰਾਂਗੀ।” ਇਹ ਮਾਫ਼ੀ ਵਾਲੀ ਵੀਡੀਓ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਕੁੜੀ ਖ਼ਿਲਾਫ਼ ਪੁਲੀਸ ਵਿੱਚ ਸ਼ਿਕਾਇਤ ਦਰਜ ਕੀਤੀ ਜਾ ਚੁੱਕੀ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਦਿੱਲੀ ਪੁਲੀਸ ਅੱਗੇ ਦੀ ਕਾਰਵਾਈ ਤੋਂ ਪਹਿਲਾਂ 29 ਜੁਲਾਈ ਨੂੰ ਨੋਇਡਾ ਵਿੱਚ ਦਰਜ ਜ਼ੀਰੋ ਐੱਫਆਈਆਰ ਦੀ ਸਮੱਗਰੀ ਦੀ ਜਾਂਚ ਕਰੇਗੀ। ਕਥਿਤ ਘਟਨਾ ਦਿੱਲੀ ਵਿੱਚ ਵਾਪਰਨ ਕਾਰਨ ਇਹ ਐੱਫਆਈਆਰ ਸ਼ੁੱਕਰਵਾਰ ਨੂੰ ਦਿੱਲੀ ਪੁਲੀਸ ਨੂੰ ਤਬਦੀਲ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਵੀਡੀਓ ਸਮੱਗਰੀ ਦੇ ਪ੍ਰਸਾਰਣ ਨੂੰ ਲੈ ਕੇ ਸਪੈਸ਼ਲ ਸੈੱਲ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੂੰ ਸੰਬੰਧਿਤ ਸਮੱਗਰੀ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਜਾਂਚ ਦੇ ਹਿੱਸੇ ਵਜੋਂ ਇਸ ਨਾਲ ਜੁੜੇ ਇਲੈਕਟ੍ਰਾਨਿਕ ਰਿਕਾਰਡ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ।