ਆਸਟਰੇਲੀਆ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਭਾਰੀ ਘਾਟ, ਸਿਹਤ ਤੇ ਸਿੱਖਿਆ ਖੇਤਰ ਸਭ ਤੋਂ ਵੱਧ ਪ੍ਰਭਾਵਿਤ
ਆਸਟਰੇਲੀਆ ਇਸ ਸਮੇਂ ਸਿਹਤ, ਸਿੱਖਿਆ ਅਤੇ ਉਸਾਰੀ ਖੇਤਰਾਂ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਸੰਸਥਾ Jobs and Skills Australia ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ ਲਗਭਗ 30 ਫ਼ੀਸਦੀ ਪੇਸ਼ੇਵਰ ਸ਼੍ਰੇਣੀਆਂ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਦਰਜ ਕੀਤੀ ਗਈ ਹੈ। ਇਸ ਕਾਰਨ ਕਈ ਅਹਿਮ ਖੇਤਰਾਂ ਵਿੱਚ ਲੱਖਾਂ ਅਸਾਮੀਆਂ ਖ਼ਾਲੀ ਹਨ ਅਤੇ ਹੁਨਰਮੰਦ ਪਰਵਾਸ (Skilled Migration) ਦੀ ਲੋੜ ਪਹਿਲਾਂ ਨਾਲੋਂ ਵੱਧ ਮਹਿਸੂਸ ਕੀਤੀ ਜਾ ਰਹੀ ਹੈ। ਰਿਪੋਰਟ ਅਨੁਸਾਰ, ਸਭ ਤੋਂ ਵੱਧ ਘਾਟ ਨਰਸਾਂ ਦੀ ਹੈ। ਮੌਜੂਦਾ ਸਮੇਂ ਦੇਸ਼ ਵਿੱਚ ਕਰੀਬ ਇੱਕ ਲੱਖ ਨਰਸਾਂ ਦੀ ਕਮੀ ਹੈ ਅਤੇ ਅਨੁਮਾਨ ਹੈ ਕਿ ਸਾਲ 2030 ਤੱਕ ਇਹ ਘਾਟ 1.23 ਲੱਖ ਤੋਂ ਵਧ ਕੇ 1.50 ਲੱਖ ਤੱਕ ਪਹੁੰਚ ਸਕਦੀ ਹੈ। ਇਸ ਵੇਲੇ ਸਿਹਤ ਖੇਤਰ ਵਿੱਚ ਕੁੱਲ ਮਿਲਾ ਕੇ ਕਰੀਬ 1.50 ਲੱਖ ਅਸਾਮੀਆਂ ਖ਼ਾਲੀ ਹਨ। ਸਿੱਖਿਆ ਖੇਤਰ ਵਿੱਚ ਵੀ ਕਰਮਚਾਰੀਆਂ ਦੀ ਕਮੀ ਗੰਭੀਰ ਬਣੀ ਹੋਈ ਹੈ। ਇਸ ਸਮੇਂ 50 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਤੁਰੰਤ ਲੋੜ ਹੈ, ਜਦਕਿ ਭਵਿੱਖ ਵਿੱਚ ਇਹ ਮੰਗ ਵਧ ਕੇ 1.32 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਸਾਰੀ ਅਤੇ ਤਕਨੀਕੀ ਧੰਦਿਆਂ ਵਿੱਚ ਵੀ ਕਰਮਚਾਰੀਆਂ ਦੀ ਭਾਰੀ ਘਾਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ਲਗਭਗ 90 ਹਜ਼ਾਰ ਹੁਨਰਮੰਦ ਕਾਰੀਗਰਾਂ ਦੀ ਕਮੀ ਹੈ, ਜੋ ਸਾਲ 2026-27 ਦੌਰਾਨ 1.85 ਲੱਖ ਤੋਂ ਵੱਧ ਹੋ ਸਕਦੀ ਹੈ। ਬਿਜਲੀ ਮਿਸਤਰੀ, ਪਲੰਬਰ, ਤਰਖਾਣ, ਵੈਲਡਰ ਅਤੇ ਇੱਟਾਂ ਲਾਉਣ ਵਾਲੇ ਕਾਰੀਗਰ ਸਭ ਤੋਂ ਵੱਧ ਮੰਗ ਵਾਲੇ ਪੇਸ਼ਿਆਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਪੇਂਡੂ ਅਤੇ ਦੂਰ-ਦਰਾਜ਼ ਖੇਤਰਾਂ ਵਿੱਚ 1,500 ਤੋਂ 3,000 ਪਰਿਵਾਰਕ ਡਾਕਟਰਾਂ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰੁਜ਼ਗਾਰ ਅਤੇ ਕਾਰਜਸਥਲ ਮੰਤਰੀ ਅਮਾਂਡਾ ਰਿਸ਼ਵਰਥ ਨੇ ਕਿਹਾ ਕਿ ਸਰਕਾਰ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੂਰ ਕਰਨ ਲਈ ਸਿਖਲਾਈ ਪ੍ਰੋਗਰਾਮਾਂ, ਸਿਖਿਆਰਥੀ ਯੋਜਨਾਵਾਂ ਅਤੇ ਸਕਿੱਲਡ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਖੇਤਰਾਂ ਵਿੱਚ ਵਿਦੇਸ਼ਾਂ ਤੋਂ ਮਾਹਰ ਕਰਮਚਾਰੀ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਸਕਿੱਲਡ ਮਾਈਗ੍ਰੇਸ਼ਨ ਪ੍ਰਣਾਲੀ ਆਉਣ ਵਾਲੇ ਸਾਲਾਂ ਵਿੱਚ ਨਰਸਾਂ, ਡਾਕਟਰਾਂ, ਅਧਿਆਪਕਾਂ, ਇੰਜੀਨੀਅਰਾਂ ਅਤੇ ਉਸਾਰੀ ਖੇਤਰ ਦੇ ਕਾਰੀਗਰਾਂ ਦੀ ਘਾਟ ਪੂਰੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਥਾਨਕ ਪੱਧਰ 'ਤੇ ਹੁਨਰ ਵਿਕਾਸ ਦੇ ਨਾਲ-ਨਾਲ ਹੁਨਰਮੰਦ ਪਰਵਾਸ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਨਾ ਬਣਾਇਆ ਗਿਆ, ਤਾਂ ਵਧਦੀ ਆਬਾਦੀ, ਰਿਹਾਇਸ਼ੀ ਉਸਾਰੀ ਅਤੇ ਸਿਹਤ ਸੇਵਾਵਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨਾ ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਇਸੇ ਲਈ ਆਉਣ ਵਾਲੇ ਸਮੇਂ ਵਿੱਚ ਆਸਟਰੇਲੀਆ ਦੇ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਕਈ ਪੇਸ਼ਿਆਂ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਦੌਰਾਨ ਸਥਾਈ ਵੀਜ਼ਿਆਂ ਨਾਲ ਜੁੜੇ ਅੰਕੜਿਆਂ ਨੇ ਵੀ ਮਹੱਤਵਪੂਰਨ ਤਸਵੀਰ ਪੇਸ਼ ਕੀਤੀ ਹੈ। ਇੱਕ ਰਿਪੋਰਟ ਅਨੁਸਾਰ ਸਾਲ 2024-25 ਦੌਰਾਨ ਆਸਟਰੇਲੀਆ ਨੇ ਕੁੱਲ 1,85,001 ਸਥਾਈ ਵੀਜ਼ੇ ਜਾਰੀ ਕੀਤੇ, ਜਿਨ੍ਹਾਂ ਵਿੱਚੋਂ ਲਗਭਗ 71 ਫ਼ੀਸਦੀ ਹੁਨਰਮੰਦ ਮਾਈਗ੍ਰੇਸ਼ਨ ਸ਼੍ਰੇਣੀ ਵਿੱਚ ਦਰਜ ਕੀਤੇ ਗਏ। ਹਾਲਾਂਕਿ, ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 33 ਫ਼ੀਸਦੀ ਵੀਜ਼ੇ ਹੀ ਅਸਲ ਹੁਨਰਮੰਦ ਮੁੱਖ ਬਿਨੈਕਾਰਾਂ ਨੂੰ ਮਿਲੇ, ਜਦਕਿ ਬਾਕੀ ਵੀਜ਼ੇ ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਵਰਗੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਗਏ।
Posted By: Daily Suraj Bureau