ਸੰਗਰੂਰ ਦਲਿਤ ਨੌਜਵਾਨ ਖ਼ੁਦਕੁਸ਼ੀ ਮਾਮਲਾ: ਸਰਪੰਚ ਸਮੇਤ ਚਾਰ ਖ਼ਿਲਾਫ਼ ਕੇਸ ਦਰਜ, ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਸੰਸਕਾਰ 'ਤੇ ਭਖੀ ਸਿਆਸਤ
- ਪੰਜਾਬ
- (Asia/Kolkata)
ਜ਼ਿਲ੍ਹੇ ਦੇ ਪਿੰਡ ਕਨੋਈ ਵਿੱਚ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਪਿੰਡ ਦੇ ਸਰਪੰਚ ਦੀਪ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਤੰਗ-ਪਰੇਸ਼ਾਨੀ ਤੋਂ ਅੱਕ ਕੇ ਸਨਮਦੀਪ ਨੇ 26 ਸਤੰਬਰ ਨੂੰ ਜ਼ਹਿਰੀਲੀ ਵਸਤੂ ਨਿਗਲ ਲਈ ਸੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਬੁੱਧਵਾਰ ਨੂੰ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਦੇ ਬਾਹਰ ਇਨਸਾਫ਼ ਦੀ ਮੰਗ ਲਈ ਧਰਨੇ ’ਤੇ ਬੈਠੇ ਪਰਿਵਾਰਕ ਮੈਂਬਰਾਂ ਨੂੰ ਜ਼ਬਰਦਸਤੀ ਉੱਥੋਂ ਹਟਾ ਦਿੱਤਾ ਅਤੇ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਪਰਿਵਾਰਕ ਮੈਂਬਰ ਮੁੱਖ ਤੌਰ 'ਤੇ ਸਰਪੰਚ ਦੀ ਗ੍ਰਿਫ਼ਤਾਰੀ ਅਤੇ ਮਾਮਲੇ ਵਿੱਚ ਐੱਸ.ਸੀ./ਐੱਸ.ਟੀ. ਐਕਟ ਦੀਆਂ ਸਖ਼ਤ ਧਾਰਾਵਾਂ ਜੋੜਨ ਦੀ ਮੰਗ ਕਰ ਰਹੇ ਸਨ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਵੀ ਪੁਲਿਸ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਹੰਗਾਮਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ, ਡੀ.ਐੱਸ.ਪੀ. ਦਲਬੀਰ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ ਦਾ ਬਚਾਅ ਕਰਦਿਆਂ ਸਪੱਸ਼ਟੀਕਰਨ ਦਿੱਤਾ ਹੈ ਕਿ ਮ੍ਰਿਤਕ ਦੀ ਦੇਹ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ ਅਤੇ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਵੱਲੋਂ ਤੁਰੰਤ ਅੰਤਿਮ ਸੰਸਕਾਰ ਕਰਨ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਰਿਵਾਰ ਨੂੰ ਪੋਸਟਮਾਰਟਮ ਅਤੇ ਸੰਸਕਾਰ ਲਈ ਮਨਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਤਿਆਰ ਨਹੀਂ ਸਨ। ਅੰਤ ਵਿੱਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਤਹਿਤ ਸੰਸਕਾਰ ਕਰਵਾਇਆ ਗਿਆ। ਇਸ ਘਟਨਾ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਗਰਮੀ ਵਧ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਉੱਤੇ ਤਿੱਖੇ ਹਮਲੇ ਬੋਲੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਵਿਰੋਧੀ ਨੇਤਾਵਾਂ ਨੇ ਦੋਸ਼ ਲਾਇਆ ਕਿ ਇਨਸਾਫ਼ ਮੰਗ ਰਹੇ ਪੀੜਤ ਦਲਿਤ ਪਰਿਵਾਰ ਨਾਲ ਅਪਰਾਧੀਆਂ ਵਾਲਾ ਸਲੂਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਦੇ ਮੁੱਢਲੇ ਹੱਕ ਤੋਂ ਵੀ ਵਾਂਝਾ ਰੱਖਿਆ ਗਿਆ ਹੈ।
Leave a Reply