ਸਰਹੱਦ ਪਾਰ ਸੰਪਰਕਾਂ ਵਾਲਾ ਹਥਿਆਰ ਸਪਲਾਈ ਨੈੱਟਵਰਕ ਤੋੜਿਆ, ਵੱਡੀ ਬਰਾਮਦਗੀ
- ਪੰਜਾਬ
- (Asia/Kolkata)
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਇੱਕ ਮਹੱਤਵਪੂਰਨ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਮੁਤਾਬਕ, ਇਸ ਗਿਰੋਹ ਦੇ ਤਾਰ ਸਰਹੱਦ ਪਾਰ ਤੱਕ ਵੀ ਜੁੜੇ ਹੋਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਪੁਲੀਸ ਕਾਰਵਾਈ ਦੌਰਾਨ ਕੁੱਲ ਛੇ ਪਿਸਤੌਲ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇੱਕ PX5 30 ਬੋਰ ਪਿਸਤੌਲ, ਤਿੰਨ 32 ਬੋਰ ਪਿਸਤੌਲ ਅਤੇ ਦੋ 30 ਬੋਰ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ, ਸੱਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਮੰਗਵਾਉਂਦੇ ਸਨ। ਇਹ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਵਿੱਚ ਸਨ। ਸ਼ੱਕ ਹੈ ਕਿ ਇਹ ਗਿਰੋਹ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸਹਾਇਤਾ ਕਰਦਾ ਸੀ ਅਤੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨਜ਼ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੂਰੇ ਨੈੱਟਵਰਕ ਦੀ ਪੜਤਾਲ ਲਈ ਅਗਲੇਰੀ ਜਾਂਚ ਜਾਰੀ ਹੈ।
Leave a Reply