ਕੈਨੇਡਾ ਦੀ ਸਿਆਸਤ ਨੂੰ ਵੱਡਾ ਝਟਕਾ, ਸਾਬਕਾ ਐਮਪੀ ਕਰਸਟੀ ਡੰਕਨ ਦਾ ਨਿਧਨ

ਕੈਨੇਡਾ ਦੀ ਸਿਆਸਤ ਨੂੰ ਵੱਡਾ ਝਟਕਾ, ਸਾਬਕਾ ਐਮਪੀ ਕਰਸਟੀ ਡੰਕਨ ਦਾ ਨਿਧਨ

ਟੋਰਾਂਟੋ, ਕੈਨੇਡਾ ਦੀ ਸਿਆਸਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਲਿਬਰਲ ਕੈਬਨਿਟ ਮੰਤਰੀ, ਵਿਗਿਆਨਕ ਅਤੇ ਸੁਰੱਖਿਅਤ ਖੇਡਾਂ ਦੀ ਪੈਰੋਕਾਰ ਕਰਸਟੀ ਡੰਕਨ ਦਾ 59 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਨਿਧਨ ਨਾਲ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਰਸਟੀ ਡੰਕਨ ਨੂੰ ਸਾਲ 2023 ਵਿੱਚ ਕੈਂਸਰ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸਰਜਰੀਆਂ, ਰੇਡੀਏਸ਼ਨ ਅਤੇ ਕੀਮੋ ਥੈਰੇਪੀ ਕਰਵਾਈ। ਉਨ੍ਹਾਂ ਆਪਣੀ ਸਿਹਤ ਨਾਲ ਜੁੜੀ ਲੜਾਈ ਬਾਰੇ ਸਮੇਂ-ਸਮੇਂ ’ਤੇ ਜਨਤਕ ਤੌਰ ’ਤੇ ਜਾਣਕਾਰੀ ਸਾਂਝੀ ਕਰਦੀ ਰਹੀ, ਜਿਸ ਨਾਲ ਕਈ ਲੋਕਾਂ ਨੂੰ ਹੌਸਲਾ ਮਿਲਿਆ। 31 ਅਕਤੂਬਰ 1966 ਨੂੰ ਜਨਮੀ ਕਰਸਟੀ ਡੰਕਨ 2008 ਤੋਂ 2025 ਤੱਕ ਟੋਰਾਂਟੋ ਦੇ ਇਟੋਬੀਕੋ ਨੌਰਥ ਹਲਕੇ ਤੋਂ ਪੰਜ ਵਾਰ ਲਿਬਰਲ ਪਾਰਟੀ ਦੀ ਐਮਪੀ ਵਜੋਂ ਚੁਣੀ ਗਈ। ਉਨ੍ਹਾਂ ਨੇ ਫੈਡਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਵਿਗਿਆਨ, ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਖਾਸ ਯੋਗਦਾਨ ਦਿੱਤਾ। ਪਿਛਲੇ ਸਾਲ ਜਦੋਂ ਫੈਡਰਲ ਚੋਣਾਂ ਦਾ ਐਲਾਨ ਹੋਇਆ, ਤਾਂ ਕਰਸਟੀ ਡੰਕਨ ਨੇ ਸਿਹਤ ਕਾਰਨਾਂ ਕਰਕੇ ਚੋਣਾਂ ਵਿੱਚ ਨਾ ਉਤਰਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੇ ਦੇਹਾਂਤ ’ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਕਈ ਸਿਆਸੀ ਨੇਤਾਵਾਂ ਅਤੇ ਅਹਿਮ ਹਸਤੀਆਂ ਨੇ ਗਹਿਰਾ ਦੁੱਖ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਹੈ।