ਨਸ਼ਾ ਮਾਫ਼ੀਆ ਖ਼ਿਲਾਫ਼ ਆਵਾਜ਼ ਚੁੱਕਣ ਦੀ ਮਿਲੀ ਸਜ਼ਾ! ਸੰਗਰੂਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਪਟਿਆਲਾ ਰੈਫ਼ਰ
- ਪੰਜਾਬ
- (Asia/Kolkata)
ਜ਼ਿਲ੍ਹਾ ਸੰਗਰੂਰ ਵਿੱਚ ਨਸ਼ਿਆਂ ਦੇ ਫੈਲਾਅ ਅਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇੱਕ ਹੋਰ ਨੌਜਵਾਨ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ਼ ਜੱਗਾ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਨਿਗਲ ਲਈ। ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਤੁਰੰਤ ਬਾਅਦ ਜੱਗਾ ਨੂੰ ਇਲਾਜ ਲਈ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਜੱਗਾ ਸਿੰਘ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸ ਨੇ ਆਪਣੇ ਪਿੰਡ ਨਮੋਲ ਵਿੱਚ ਸ਼ਰੇਆਮ ਹੋ ਰਹੀ 'ਚਿੱਟੇ' (ਸਿੰਥੈਟਿਕ ਨਸ਼ੇ) ਦੀ ਸਪਲਾਈ ਦੀ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕੀਤੀ ਸੀ। ਉਸ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸ ਨੂੰ ਡਰਾ-ਧਮਕਾ ਕੇ ਵੀਡੀਓ ਡਿਲੀਟ ਕਰਨ ਲਈ ਮਜ਼ਬੂਰ ਕੀਤਾ। ਪੀੜਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਅਤੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੱਗਾ ਸਿੰਘ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਵਿੱਚ ਇਹ ਘਟਨਾ 7 ਸਤੰਬਰ ਨੂੰ ਵਾਪਰੀ ਇੱਕ ਹੋਰ ਦੁਖਦ ਘਟਨਾ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਈ ਹੈ, ਜਦੋਂ ਮਜ਼ਦੂਰ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਗੁਲਜ਼ਾਰ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਦਿੜ੍ਹਬਾ ਵਿਖੇ ਇੱਕ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਨਸ਼ਿਆਂ ਦੀ ਸਪਲਾਈ ਬਾਰੇ ਸਵਾਲ ਪੁੱਛਣ 'ਤੇ ਉਸ ਨੂੰ ਜ਼ਲੀਲ ਕੀਤਾ ਗਿਆ ਸੀ। ਵਿਰੋਧੀ ਧਿਰਾਂ ਵੱਲੋਂ ਸਰਕਾਰ 'ਤੇ ਤਿੱਖੇ ਹਮਲੇ ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਸਿਆਸਤ ਗਰਮਾ ਗਈ ਹੈ ਅਤੇ ਭਾਜਪਾ ਤੇ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਨੇ ਸੋਸ਼ਲ ਮੀਡੀਆ 'ਐਕਸ' 'ਤੇ ਲਿਖਿਆ ਕਿ ਜੱਗਾ ਸਿੰਘ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਨਸ਼ਾ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮਦਦ ਕਰਨ ਦੀ ਬਜਾਏ ਗਾਇਬ ਰਹੀ ਅਤੇ ਸਰਪੰਚ ਨੇ ਉਸ ਦਾ ਜੀਣਾ ਹਰਾਮ ਕਰ ਦਿੱਤਾ। ਚੁੱਘ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਨਸ਼ਾ ਮਾਫ਼ੀਆ ਨੂੰ ਨਹੀਂ ਰੋਕ ਸਕਦੇ ਤਾਂ ਉਨ੍ਹਾਂ ਨੂੰ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਦੂਜੇ ਪਾਸੇ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਾ ਨੌਜਵਾਨ ਖ਼ੁਦ ਨੂੰ ਇੰਨਾ ਬੇਵੱਸ ਮਹਿਸੂਸ ਕਰੇ ਕਿ ਉਸ ਨੂੰ ਆਪਣੀ ਜਾਨ ਦੇਣ ਦੀ ਨੌਬਤ ਆ ਜਾਵੇ, ਤਾਂ ਸਰਕਾਰ ਦੇ 'ਰੰਗਲਾ ਪੰਜਾਬ' ਅਤੇ 'ਨਸ਼ਾ ਮੁਕਤ ਪੰਜਾਬ' ਦੇ ਦਾਅਵਿਆਂ ਦੀ ਅਸਲੀਅਤ ਸਾਮ੍ਹਣੇ ਆ ਜਾਂਦੀ ਹੈ।
Leave a Reply