ਸ਼ੁੱਕਰਵਾਰ ਨੂੰ ਐਮਪੀ ਵਜੋਂ ਅਸਤੀਫਾ ਦੇਵੇਗੀ ਕ੍ਰਿਸਟੀਆ ਫਰੀਲੈਂਡ

ਸ਼ੁੱਕਰਵਾਰ ਨੂੰ ਐਮਪੀ ਵਜੋਂ ਅਸਤੀਫਾ ਦੇਵੇਗੀ ਕ੍ਰਿਸਟੀਆ ਫਰੀਲੈਂਡ

ਓਟਵਾ, ਕੈਨੇਡਾ ਦੀ ਸੰਸਦ ਮੈਂਬਰ ਕ੍ਰਿਸਟੀਆ ਫਰੀਲੈਂਡ ਵੱਲੋਂ ਸ਼ੁੱਕਰਵਾਰ ਨੂੰ ਐਮਪੀ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕਈ ਦਿਨ ਪਹਿਲਾਂ ਹਾਊਸ ਆਫ ਕਾਮਨਜ਼ ਵਿੱਚ ਆਪਣੇ ਅਹੁਦੇ ਤੋਂ ਹਟਣ ਦਾ ਬਿਆਨ ਦੇਣ ਦੇ ਬਾਵਜੂਦ ਅਸਤੀਫਾ ਨਾ ਦੇਣ ਕਾਰਨ ਵਿਰੋਧੀ ਧਿਰ ਵੱਲੋਂ ਉਨ੍ਹਾਂ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਕੀਤੀ ਪੋਸਟ ਵਿੱਚ ਫਰੀਲੈਂਡ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਸਪੀਕਰ ਨੂੰ ਵੀ ਲਿਖਤੀ ਜਾਣਕਾਰੀ ਭੇਜ ਦਿੱਤੀ ਹੈ। ਉਨ੍ਹਾਂ ਮੁਤਾਬਕ ਉਹ 9 ਜਨਵਰੀ, ਦਿਨ ਸ਼ੁੱਕਰਵਾਰ ਨੂੰ ਸਰਕਾਰੀ ਤੌਰ ’ਤੇ ਐਮਪੀ ਦੇ ਅਹੁਦੇ ਤੋਂ ਅਸਤੀਫਾ ਦੇਣਗੀਆਂ। ਫਰੀਲੈਂਡ ਨੇ ਕਿਹਾ ਕਿ 2013 ਤੋਂ ਸੰਸਦ ਵਿੱਚ ਕੈਨੇਡੀਅਨ ਲੋਕਾਂ ਅਤੇ ਆਪਣੇ ਹਲਕੇ ਦੇ ਵਾਸੀਆਂ ਦੀ ਸੇਵਾ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਰਹੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਉਹ ਅਹੁਦਾ ਛੱਡ ਰਹੀਆਂ ਹਨ, ਪਰ ਕੈਨੇਡੀਅਨਜ਼ ਦੀ ਮਦਦ ਲਈ ਅੱਗੇ ਵੀ ਹਰ ਸੰਭਵ ਕੋਸ਼ਿਸ਼ ਜਾਰੀ ਰੱਖਣਗੀਆਂ। ਉਨ੍ਹਾਂ ਨੇ ਇਹ ਵੀ ਦੋਹਰਾਇਆ ਕਿ ਯੂਕਰੇਨ ਦੇ ਬਹਾਦੁਰ ਲੋਕਾਂ ਦੀ ਲੜਾਈ ਵਿੱਚ ਉਹ ਅੱਗੇ ਵੀ ਉਨ੍ਹਾਂ ਦਾ ਸਾਥ ਦੇਣਗੀਆਂ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕ੍ਰਿਸਟੀਆ ਫਰੀਲੈਂਡ ਨੂੰ ਯੂਕਰੇਨ ਦੇ ਆਰਥਿਕ ਵਿਕਾਸ ਲਈ ਸਲਾਹਕਾਰ ਨਿਯੁਕਤ ਕੀਤਾ ਜਾ ਰਿਹਾ ਹੈ।