ਨੇਤਾਵਾਂ ਲਈ ਉਮਰ ਦੀ ਹੱਦ ਹੋਣੀ ਚਾਹੀਦੀ: ਆਰਐਸਐਸ ਮੁਖੀ ਦਾ ਸੁਝਾਅ
- ਦੇਸ਼
- (Asia/Kolkata)
ਨਵੀਂ ਦਿੱਲੀ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਇਕ ਵਾਰ ਫਿਰ ਕਿਹਾ ਹੈ ਕਿ ਨੇਤਾਵਾਂ ਨੂੰ 75 ਸਾਲ ਦੀ ਉਮਰ ਵਿਚ ਸੇਵਾਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਨਾਗਪੁਰ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਕਿ ਜਦੋਂ ਕੋਈ ਤੁਹਾਨੂੰ 75 ਸਾਲ ਦੀ ਹੋਣ 'ਤੇ ਵਧਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ। ਦੂਜਿਆਂ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਆਰਐਸਐਸ ਮੁਖੀ ਭਾਗਵਤ ਨੇ ਪਹਿਲਾਂ ਇਹ ਟਿੱਪਣੀ ਉਸ ਸਮਾਗਮ ਵਿਚ ਕੀਤੀ ਜਿਥੇ ਮੋਰੋਪੰਤ ਪਿੰਗਲੇ ਦੀ ਯਾਦ ਵਿਚ ਇਕ ਕਿਤਾਬ ਜਾਰੀ ਕੀਤੀ ਗਈ ਸੀ। ਭਾਗਵਤ ਨੇ ਐਮਰਜੈਂਸੀ (1975) ਤੋਂ ਬਾਅਦ ਰਾਜਨੀਤਕ ਤਬਦੀਲੀ ਦੌਰਾਨ ਪਿੰਗਲੇ ਦੀਆਂ ਭਵਿੱਖਬਾਣੀਆਂ ਦਾ ਹਵਾਲਾ ਦਿਤਾ ਸੀ। ਉਨ੍ਹਾਂ ਕਿਹਾ, ਜਦੋਂ ਚੋਣਾਂ 'ਤੇ ਚਰਚਾ ਹੋਈ, ਤਾਂ ਮੋਰੋਪੰਤ ਨੇ ਕਿਹਾ ਸੀ ਕਿ ਜੇ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ, ਤਾਂ ਉਹ ਲਗਭਗ 276 ਸੀਟਾਂ ਜਿੱਤਣਗੀਆਂ ਅਤੇ ਜਦੋਂ ਨਤੀਜੇ ਆਏ, ਤਾਂ ਸਿਰਫ਼ 276 ਸੀਟਾਂ ਹੀ ਜਿੱਤੀਆਂ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਵਿਚ 75 ਸਾਲ ਦੇ ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿਚ, ਭਾਗਵਤ ਦੇ ਬਿਆਨ ਨੇ ਬਹਿਸ ਛੇੜ ਦਿਤੀ ਹੈ। ਸ਼ਿਵ ਸੈਨਾ (ਊਧਵ ਧੜੇ) ਦੇ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਸੰਘ ਮੁਖੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸੰਦੇਸ਼ ਦਿਤਾ ਹੈ। ਹਾਲਾਂਕਿ, ਪੰਜ ਸਾਲ ਪਹਿਲਾਂ, ਭਾਗਵਤ ਨੇ 75 ਸਾਲ ਦੀ ਉਮਰ ਵਿਚ ਸੇਵਾਮੁਕਤੀ ਦੇ ਅਪਣੇ ਬਿਆਨ 'ਤੇ ਮੋਦੀ ਨੂੰ ਅਪਵਾਦ ਕਿਹਾ ਸੀ।
ਇਹ ਵੀ ਦਿਲਚਸਪ ਹੈ ਕਿ ਪਿਛਲੇ ਸਾਲ ਮਈ ਵਿਚ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ 75 ਸਾਲ ਦੇ ਹੋਣ ਤੋਂ ਬਾਅਦ ਵੀ ਸਰਗਰਮ ਰਾਜਨੀਤੀ ਤੋਂ ਸੰਨਿਆਸ ਨਹੀਂ ਲੈਣਗੇ। ਭਾਜਪਾ ਦੇ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਸ਼ਾਹ ਨੇ ਇਹ ਟਿੱਪਣੀ ਉਦੋਂ ਕੀਤੀ ਸੀ ਜਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਰਾਜਨੀਤਕ ਜੋਸ਼ ਵਿਚਕਾਰ 75 ਸਾਲ ਦੀ ਉਮਰ ਵਿਚ ਸੇਵਾਮੁਕਤੀ ਦਾ ਮੁੱਦਾ ਉਠਾਇਆ ਸੀ। ਕੇਜਰੀਵਾਲ ਨੇ ਮਈ 2024 ਵਿਚ ਹੀ ਮੋਦੀ ਦੇ ਉੱਤਰਾਧਿਕਾਰੀ ਬਾਰੇ ਸਵਾਲ ਉਠਾਇਆ ਸੀ। ਉਨ੍ਹਾਂ ਦੇ ਜਵਾਬ ਵਿਚ ਸ਼ਾਹ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਗਵਾਈ ਕਰਦੇ ਰਹਿਣਗੇ।
#RSSChief #PoliticalRetirementAge #75YearsLimit #IndianPolitics #LeadershipChange #RetirementPolicy #PoliticalReform #NewLeadership #RSSStatement #AgeLimitForLeaders
Leave a Reply