ਬੀਕੇਯੂ ਏਕਤਾ ਆਜ਼ਾਦ ਵੱਲੋਂ ਕਿਸਾਨੀ ਘੋਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ਾਲ ਸਮਾਗਮ ਆਯੋਜਿਤ

ਬੀਕੇਯੂ ਏਕਤਾ ਆਜ਼ਾਦ ਵੱਲੋਂ ਕਿਸਾਨੀ ਘੋਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ਾਲ ਸਮਾਗਮ ਆਯੋਜਿਤ

(ਜਗਸੀਰ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਕਿਸਾਨ ਮਜਦੂਰ ਮੋਰਚਾ ਭਾਰਤ ਦੇ ਸੱਦੇ ਤਹਿਤ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਿਸਾਨੀ ਘੋਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜਿਲ੍ਹਾ ਪੱਧਰੀ ਸ਼ਰਧਾਂਜਲੀ ਸਮਾਗਮ ਜਿਲ੍ਹਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਗੋਵਾਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ , ਮਜਦੂਰਾਂ, ਨੌਜਵਾਨਾਂ ਸਮੇਤ ਕਿਸਾਨ ਬੀਬੀਆਂ ਨੇ ਦਿੱਲੀ ਅੰਦੋਲਨ 2 ਦੌਰਾਨ ਸਹੀਦ ਹੋਏ ਸੁਭਕਰਨ ਸਿੰਘ ਬੱਲੋ ਸਮੇਤ ਸਾਰੇ ਸਹੀਦਾਂ ਨੂੰ 2 ਮਿੰਟ ਦਾ ਮੋਨ ਰੱਖ ਕੇ ਸਹੀਦਾਂ ਨੂੰ ਸੰਘਰਸੀ ਸਰਧਾਂਜਲੀ ਭੇਟ ਕੀਤੀ ਤੇ ਕਿਸਾਨੀ ਮੰਗਾਂ ਪੂਰੀਆਂ ਕਰਾਉਣ ਲਈ ਸੰਘਰਸ ਤਿੱਖਾ ਕਰਨ ਦਾ ਅਹਿਦ ਲਿਆ ।ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਆ ਸੁਬਾਈ ਆਗੂ ਭੈਣ ਬਲਜੀਤ ਕੌਰ ਕਿਲਾ ਭਰੀਆਂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਪਾਲਸੀਆਂ ਨੂੰ ਪੰਜਾਬ ਸਰਕਾਰ ਕੇਦਰ ਸਰਕਾਰ ਤੋ ਦੋ ਕਦਮ ਅੱਗੇ ਹੋ ਕੇ ਲਾਗੂ ਕਰ ਰਹੀ ਹੈ ਜਿਸ ਤਹਿਤ ਚੜਦੇ ਸੂਰਜ ਪੰਜਾਬ ਅੰਦਰ ਹਰ ਰੋਜ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਵਿਦਿਆਰਥੀਆਂ ਉੱਤੇ ਲਾਠੀ ਚਾਰਜ ਹੋ ਰਿਹਾ ਹੈ ਅਤੇ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ 1 ਅਤੇ ਦਿੱਲੀ ਅੰਦੋਲਨ 2 ਦੌਰਾਨ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਗੁਆ ਕੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਹਜ਼ਾਰਾਂ ਕਿਸਾਨ ਪੁਲਿਸ ਦੇ ਜਬਰ ਕਾਰਨ ਜਖਮੀ ਹੋਏ ਹਨ । ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੁਆਵਜ਼ੇ ਤੋਂ ਵਾਂਝੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀਆਂ ਸਮੇਤ ਸਮੁੱਚਾ ਕਰਜ ਖਤਮ ਕਰਨ ਵਾਲੀ ਅਧੂਰੀ ਮੰਗ ਨੂੰ ਪੂਰਾ ਕੀਤਾ ਜਾਵੇ।ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਐਕਟ 2025 ਲਿਆ ਕੇ ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਹੈ। ਜਿਸ ਤਹਿਤ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਉਸਰੇ ਸਮੁੱਚੇ ਢਾਂਚੇ ਨੂੰ ਨਿੱਜੀਕਰਨ ਦੀ ਨੀਤੀ ਤਹਿਤ ਬਹੁਕੌਮੀ ਕੰਪਨੀਆਂ ਦੇ ਮੁਨਾਫ਼ੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਬਿਜਲੀ ਨੂੰ ਸਹੂਲਤ ਦੀ ਥਾਂ ਬਜਾਰੀ ਵਸਤੂ ਬਣਾਇਆ ਜਾ ਰਿਹਾ ਹੈ। ਕਰਾਸ ਸਬਸਿਡੀ ਬੰਦ ਕਰਕੇ ਪਹਿਲਾਂ ਤੋ ਮਿਲ ਰਹੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ।ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੀਡ ਐਕਟ ਤਹਿਤ ਖੇਤੀਬਾੜੀ ਸੈਕਟਰ ਵਿੱਚ ਕੰਪਨੀਆਂ ਦਾ ਏਕਾਅਧਿਕਾਰ ਸਥਾਪਤ ਕਰਨ ਲਈ ਇੱਕ ਜਾਲ ਵਿਛਾਇਆ ਜਾ ਰਿਹਾ ਹੈ। ਇਸ ਤਰਾਂ ਕਰਨ ਨਾਲ ਕਿਸਾਨ ਘਰੇਲੂ ਬੀਜ ਨਹੀ ਰੱਖ ਸਕਣਗੇ ਕੰਪਨੀਆਂ ਤੋ ਮਹਿੰਗੇ ਭਾਅ ਬੀਜ ਖਰੀਦਣ ਲਈ ਮਜਬੂਰ ਹੋਣਗੇ ।ਆਗੂਆਂ ਨੇ ਕਿਹਾ ਕਿ ਭਾਰਤ ਅਮਰੀਕਾ ਕਰ ਮੁਕਤ ਸਮਝੌਤੇ ਤਹਿਤ ਭਾਰਤ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਜਿਸ ਤਹਿਤ ਖੇਤੀਬਾੜੀ ਸੈਕਟਰ ਦੇ ਦਰਵਾਜ਼ੇ ਵੱਡੇ ਪੱਧਰ ਤੇ ਬਘਿਆੜ ਕੰਪਨੀਆਂ ਲਈ ਖੋਲ ਦਿੱਤੇ ਗਏ ਹਨ। ਸਮੁੱਚੇ ਪੰਜਾਬ ਦੇ ਲੋਕਾਂ ਤੇ ਇਸ ਡੀਲ ਦਾ ਮਾਰੂ ਅਸਰ ਪਵੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਲੋਕ ਮਾਰੂ ਐਕਟ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਤੇ ਖੇਤੀ ਸੈਕਟਰ ਨੂੰ ਕੰਪਨੀਆਂ ਦੇ ਹਵਾਲੇ ਕਰਨ ਲਈ ਚੁੱਕਿਆ ਜਾ ਰਿਹਾ ਸਰਕਾਰੀ ਕਦਮ ਹੈ। ਇਹਨਾਂ ਐਕਟਾਂ ਤੇ ਕਰ ਮੁਕਤ ਸਮਝੌਤੇ ਨੂੰ ਰੱਦ ਕਰਵਾਉਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਇਕੱਠੇ ਹੋ ਕੇ ਸੰਘਰਸ਼ਾ ਰਾਹੀ ਹੀ ਇਹਨਾਂ ਪੰਜਾਬ ਮਾਰੂ, ਖੇਤ ਉਜਾੜੂ ਐਕਟਾਂ ਨੂੰ ਰੱਦ ਕਰਵਾਇਆ ਜਾ ਸਕਦਾ ਹੈ। ਕਿਸਾਨ ਅਗੂਆਂ ਨੇ ਵੱਖ ਵੱਖ ਫੋਰਮਾਂ ਨੂੰ ਇੱਕ ਪਲੇਫਾਰਮ ਤੇ ਇਕੱਠੇ ਹੋ ਕੇ ਸ਼ੰਘਰਸ ਕਰਨ ਦਾ ਸੱਦਾ ਦਿੰਦਆਂ ਕਿਹਾ ਕਿ ਇਹੀ ਸਮੇ ਦੀ ਪੁਰਜੋਰ ਮੰਗ ਹੈ। ਸਾਂਝੇ ਸੰਘਰਸਾਂ ਰਾਹੀ ਹੀ ਕਿਸਾਨਾਂ ਮਜਦੂਰਾਂ ਦੇ ਕਰਜੇ ਖਤਮ ਕਰਾਉਣ, ਐਮ,ਐਸ,ਪੀ ਤੇ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ ਤੇ ਮਨਰੇਗਾ ਵਰਗੀਆਂ ਅਹਿਮ ਮੰਗਾਂ ਤੇ ਕਦਮ ਅੱਗੇ ਵਧਾਇਆ ਜਾ ਸਕਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਆਗੂ ਰਾਜ ਸਿੰਘ ਥੇੜੀ, ,ਗੁਰਮੇਲ ਸਿੰਘ ਕੈਪਰ,ਹਰਦੇਵ ਸਿੰਘ ਕੁਲਾਰਾਂ,ਸੰਤਰਾਮ ਛਾਜਲੀ, ਜਸਵੀਰ ਸਿੰਘ ਮੈਦੇਵਾਸ, ਸੁਰਜੀਤ ਸਿੰਘ ਭਾਦਸੋਂ,ਰਾਜਪਾਲ ਮੰਗਵਾਲ, ਜਗਦੇਵ ਸਿੰਘ, ਕਰਮਜੀਤ ਸਿੰਘ,ਆਦਿ ਨੇ ਸੰਬੋਧਨ ਕੀਤਾ।