ਮੌਸਮ ਬਦਲਣ ਨਾਲ ਕਿਸਾਨਾਂ ਦੀ ਚਿੰਤਾ ਵਧੀ, ਪੱਕੀ ਕਣਕ ਨੂੰ ਖਤਰਾ

ਮੌਸਮ ਬਦਲਣ ਨਾਲ ਕਿਸਾਨਾਂ ਦੀ ਚਿੰਤਾ ਵਧੀ, ਪੱਕੀ ਕਣਕ ਨੂੰ ਖਤਰਾ

ਪੰਜਾਬ ਵਿੱਚ ਮਾਰਚ ਮਹੀਨੇ ਦੇ ਆਖਰੀ ਦਿਨਾਂ ਦੌਰਾਨ ਮੌਸਮ ਮੁੜ ਤੋਂ ਬਦਲਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੱਗਣ ਦੀ ਸੰਭਾਵਨਾ ਹੈ। ਮੌਸਮ ਵਿੱਚ ਆ ਰਹੇ ਇਸ ਬਦਲਾਅ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ, ਕਿਉਂਕਿ ਕਣਕ ਦੀ ਫ਼ਸਲ ਇਸ ਸਮੇਂ ਪੱਕਣ ਦੇ ਆਖਰੀ ਪੜਾਅ ਵਿੱਚ ਹੈ। ਅਜਿਹੀ ਸਥਿਤੀ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀ ਮਿਹਨਤ ਪ੍ਰਭਾਵਿਤ ਹੋਣ ਦਾ ਡਰ ਹੈ। ਮੌਸਮ ਵਿਗਿਆਨੀਆਂ ਦੇ ਮੁਤਾਬਕ ਪੱਛਮੀ ਵਿਗਾੜ ਦੇ ਕਾਰਨ 27 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਰਹੇਗੀ ਅਤੇ ਕਿਤੇ-ਕਿਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਇਸ ਤੋਂ ਬਾਅਦ 28, 29 ਅਤੇ 30 ਮਾਰਚ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਵੱਗਣਗੀਆਂ। ਮੌਸਮ ਵਿਭਾਗ ਨੇ 28 ਤੋਂ 30 ਮਾਰਚ ਲਈ ਤਿੰਨ ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਪਟਿਆਲਾ ਅੱਜ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 32.4 ਡਿਗਰੀ, ਲੁਧਿਆਣਾ ਵਿੱਚ 33.6 ਡਿਗਰੀ, ਅੰਮ੍ਰਿਤਸਰ ਵਿੱਚ 28.5 ਡਿਗਰੀ, ਗੁਰਦਾਸਪੁਰ ਵਿੱਚ 30 ਡਿਗਰੀ, ਨਵਾਂਸ਼ਹਿਰ ਵਿੱਚ 29.8 ਡਿਗਰੀ, ਬਠਿੰਡਾ ਵਿੱਚ 32.3 ਡਿਗਰੀ, ਫਾਜ਼ਿਲਕਾ ਵਿੱਚ 28.9 ਡਿਗਰੀ, ਫਿਰੋਜ਼ਪੁਰ ਵਿੱਚ 30.3 ਡਿਗਰੀ, ਹੁਸ਼ਿਆਰਪੁਰ ਵਿੱਚ 29.5 ਡਿਗਰੀ, ਮੁਹਾਲੀ ਵਿੱਚ 32.1 ਡਿਗਰੀ, ਪਠਾਨਕੋਟ ਵਿੱਚ 31.2 ਡਿਗਰੀ, ਰੂਪਨਗਰ ਵਿੱਚ 32.6 ਡਿਗਰੀ ਅਤੇ ਫਰੀਦਕੋਟ ਵਿੱਚ 33.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।