ਪਰਜਾਪਤੀ ਵੈਲਫੇਅਰ ਐਸੋਸੀਏਸ਼ਨ ਨੇ ਕੜਾਕੇ ਦੀ ਠੰਡ ਵਿੱਚ ਲੋੜਵੰਦਾਂ ਨੂੰ ਵੰਡੇ ਗਰਮ ਕੰਬਲ

ਪਰਜਾਪਤੀ ਵੈਲਫੇਅਰ ਐਸੋਸੀਏਸ਼ਨ ਨੇ ਕੜਾਕੇ ਦੀ ਠੰਡ ਵਿੱਚ ਲੋੜਵੰਦਾਂ ਨੂੰ ਵੰਡੇ ਗਰਮ ਕੰਬਲ

*ਸੇਵਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਉਦੇਸ਼-ਅਮਰਜੀਤ ਨਿੱਜਰ
*ਅਸ਼ੋਕ ਮਨੀਲਾ ਨੇ ਲਾਂਚ ਕੀਤਾ ਨਵੇਂ ਸਾਲ 2026 ਦਾ ਕੈਲੰਡਰ
ਫਗਵਾੜਾ, ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਪਰਜਾਪਤੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਪਾਰਕ ਮਨੀਲਾ ਰਿਜੋਰਟਸ ਵਿਖੇ ਇਕ ਸ਼ਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਨਿੱਜਰ ਅਤੇ ਪੰਜਾਬ ਪ੍ਰਧਾਨ ਅਸ਼ੋਕ ਮਨੀਲਾ ਦੀ ਰਹਿਨੁਮਾਈ ਹੇਠ ਆਯੋਜਿਤ ਸਮਾਗਮ ਦੌਰਾਨ ਹੱਡ ਕੰਬਾਊ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਲੋੜਵੰਦਾਂ ਨੂੰ ਗਰਮ ਕੰਬਲ ਵੰਡ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਗਈ। ਨਾਲ ਹੀ ਐਸੋਸੀਏਸ਼ਨ ਵੱਲੋਂ ਨਵੇਂ ਸਾਲ 2026 ਦਾ ਖੂਬਸੂਰਤ ਕੈਲੰਡਰ ਵੀ ਲਾਂਚ ਕੀਤਾ ਗਿਆ। ਅਸ਼ੋਕ ਮਨੀਲਾ ਨੇ ਹਾਜਰੀਨ ਨੂੰ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਨਵਾਂ ਸਾਲ ਸਾਡੇ ਲਈ ਸਿਰਫ਼ ਕੈਲੰਡਰ ਬਦਲਣ ਦਾ ਨਾਂ ਨਹੀਂ, ਸਗੋਂ ਆਪਣੇ ਫਰਜ਼ਾਂ, ਜ਼ਿੰਮੇਵਾਰੀਆਂ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਮਾਜ ਦਾ ਹਰ ਲੋੜਵੰਦ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਨਹੀਂ ਕਰਦਾ, ਤਦ ਤੱਕ ਅਸੀਂ ਸਮਾਜਿਕ ਤੌਰ 'ਤੇ ਅੱਗੇ ਵਧਣ ਦੀ ਗੱਲ ਨਹੀਂ ਕਰ ਸਕਦੇ। ਉਹਨਾਂ ਦੱਸਿਆ ਕਿ ਪਰਜਾਪਤੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ। ਚਾਹੇ ਉਹ ਠੰਡ ਵਿੱਚ ਕੰਬਲ ਵੰਡਣ ਹੋਣ, ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹਾਇਤਾ ਹੋਵੇ ਜਾਂ ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਦੀ ਗੱਲ ਹੋਵੇ, ਐਸੋਸੀਏਸ਼ਨ ਹਰ ਮੋਰਚੇ ‘ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਚੇਅਰਮੈਨ ਅਮਰਜੀਤ ਨਿੱਜਰ ਨੇ ਵੀ ਭਰੋਸਾ ਦਿੱਤਾ ਕਿ ਨਵੇਂ ਸਾਲ ਵਿੱਚ ਪਰਜਾਪਤੀ ਸਮਾਜ ਦੀ ਬਿਹਤਰੀ,ਭਾਈਚਾਰਕ ਸਾਂਝ ਦੀ ਮਜਬੂਤੀ ਦੇ ਨਾਲ ਹੀ ਸੰਸਥਾ ਵੱਲੋਂ ਸਿਹਤ, ਸਿੱਖਿਆ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਵੱਡੇ ਪੱਧਰ ‘ਤੇ ਪ੍ਰੋਜੈਕਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਸਾਲ ‘ਤੇ ਲਾਂਚ ਕੀਤਾ ਗਿਆ ਕੈਲੰਡਰ ਸਾਲ ਭਰ ਸਾਨੂੰ ਸੇਵਾ, ਸਾਂਝ ਅਤੇ ਭਾਈਚਾਰੇ ਦੀ ਯਾਦ ਦਿਵਾਉਂਦਾ ਰਹੇਗਾ ਅਤੇ ਹਰ ਮਹੀਨੇ ਸਮਾਜ ਭਲਾਈ ਦੇ ਨਵੇਂ ਉਪਰਾਲਿਆਂ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਸਮਾਜ ਦੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਐਸੋਸੀਏਸ਼ਨ ਨਾਲ ਜੁੜਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬਬੂ ਮਨੀਲਾ,ਮਾਸਟਰ ਕੇਵਲ ਸਿੰਘ, ਬਗੀਚਾ ਚੰਦ,ਭਜਨ ਲਾਲ,ਹੇਮੰਤ ਸਿੰਘ,ਗਿਆਨ ਸਿੰਘ,ਮੱਖਣ ਸਿੰਘ ਅਤੇ ਪਾਲਾ ਸੁਗਲਾਨੀ ਆਦਿ ਹਾਜਰ ਸਨ।