ਅੰਬਾਲਾ ’ਚ ਸਿੱਖ ਸੰਗਤ ’ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਵੱਲੋਂ ਸਖ਼ਤ ਨਿਖੇਧੀ
- ਪੰਜਾਬ
- (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਪੁਲੀਸ ਵੱਲੋਂ ਬੀਤੀ ਰਾਤ ਅੰਬਾਲਾ ਵਿੱਚ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਲਾਠੀਚਾਰਜ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਸਿੱਖ ਸੰਗਤ ਨਾਲ ਗੱਲਬਾਤ ਕਰ ਰਹੀ ਸੀ, ਜਦਕਿ ਦੂਜੇ ਪਾਸੇ ਅਚਾਨਕ ਉਨ੍ਹਾਂ ’ਤੇ ਪੁਲੀਸ ਕਾਰਵਾਈ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਨੂੰ ਨਿਆਂਪੂਰਣ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HGPC) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਕਈ ਮੈਂਬਰ ਅਤੇ ਮੁਲਾਜ਼ਮ, ਸਿੱਖ ਸੰਗਤਾਂ ਅਤੇ ਪੁਲੀਸ ਜਵਾਨ ਵੀ ਫੱਟੜ ਹੋਏ ਹਨ। ਜਥੇਦਾਰ ਗੜਗੱਜ ਨੇ ਜਗਦੀਸ਼ ਸਿੰਘ ਝੀਂਡਾ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਅਤੇ ਹੋਰ ਜ਼ਖ਼ਮੀ ਸਿੱਖਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਮੌਜੂਦਾ ਸਥਿਤੀ ਬਾਰੇ ਵੀ ਜਾਣਿਆ। ਝੀਂਡਾ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਪੁਲੀਸ ਵੱਲੋਂ ਸਿੱਖ ਸੰਗਤ ’ਤੇ ਹਮਲਾ ਕਰਨਾ ਠੀਕ ਨਹੀਂ ਸੀ। ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਅਪੀਲ ਜਥੇਦਾਰ ਗੜਗੱਜ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਚਾਹੁੰਦੀ ਤਾਂ ਇਹ ਮਾਮਲਾ ਸਹਿਜਤਾ ਅਤੇ ਸੂਝਬੂਝ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ ਤਾਂ ਅਚਾਨਕ ਸਿੱਖ ਸੰਗਤ ’ਤੇ ਬਲ ਦੀ ਵਰਤੋਂ ਕਰਨਾ ਗਲਤ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀ ਸਥਿਤੀ ਕਿਉਂ ਪੈਦਾ ਹੋਈ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਕਿਤੇ ਸ਼ਾਂਤਮਈ ਧਰਨੇ ਨੂੰ ਬਦਨਾਮ ਕਰਨ ਅਤੇ ਪੁਲੀਸ ਨੂੰ ਉਕਸਾਉਣ ਲਈ ਰਾਤ ਸਮੇਂ ਕਿਸੇ ਸਿੱਖ ਵਿਰੋਧੀ ਤਾਕਤ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਧਰਨੇ ਵਿੱਚ ਸ਼ਾਮਲ ਕਰਕੇ ਗਲਤ ਕਾਰਵਾਈਆਂ ਤਾਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਇਸ ਪੱਖ ਦੀ ਵੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ। ਪੰਜੋਖਰਾ ਸਾਹਿਬ ਮਾਮਲੇ ਦਾ ਵੀ ਕੀਤਾ ਜ਼ਿਕਰ ਜਥੇਦਾਰ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਸਮੇਂ ਸਿਰ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਸੰਗਤ ’ਤੇ ਗੱਡੀ ਚੜ੍ਹਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਸਿੱਖ ਭਾਵਨਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਮੌਜੂਦਾ ਸਥਿਤੀ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਇਸ ਗੱਲ ’ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਸਰਕਾਰਾਂ ਵੱਲੋਂ ਪੁਸ਼ਤਪਨਾਹੀ ਕਿਉਂ ਕੀਤੀ ਜਾਂਦੀ ਹੈ, ਜੋ ਲਗਾਤਾਰ ਸਿੱਖਾਂ ਖ਼ਿਲਾਫ਼ ਬੋਲਦੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰਦੇ ਹਨ। ਜਥੇਦਾਰ ਗੜਗੱਜ ਨੇ ਹਰਿਆਣਾ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੰਗਤ ’ਤੇ ਗੱਡੀ ਚੜ੍ਹਾ ਕੇ ਲੋਕਾਂ ਨੂੰ ਫੱਟੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਬੇ ਦੇ ਸਿੱਖ ਆਗੂਆਂ ਨਾਲ ਗੱਲਬਾਤ ਕਰਕੇ ਸਮੁੱਚੇ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਸਿੱਖ ਸੰਗਤ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਜਥੇਦਾਰ ਗੜਗੱਜ ਨੇ ਹਰਿਆਣਾ ਦੀ ਸਿੱਖ ਸੰਗਤ ਨੂੰ ਆਪਸ ਵਿੱਚ ਇਕਜੁੱਟ ਅਤੇ ਸੰਗਠਿਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਕੋਈ ਸੰਘਰਸ਼ ਕਰਨਾ ਪਵੇ ਤਾਂ ਉਹ ਪੂਰੀ ਤਰ੍ਹਾਂ ਜਾਬਤੇ ਅਤੇ ਸ਼ਾਂਤਮਈ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਨਿਆਂ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਸ਼ਰਾਰਤੀ ਅਨਸਰ ਇਸ ਵਿੱਚ ਸ਼ਾਮਲ ਨਾ ਹੋਵੇ।
Leave a Reply