ਲੌਂਗ ਡਰਾਈਵ ’ਤੇ ਜਾਣ ਤੋਂ ਇਨਕਾਰ, ਉਜ਼ਬੇਕ ਮਹਿਲਾ ਨੂੰ ਮੁਲਜ਼ਮਾਂ ਵੱਲੋਂ ਛਾਤੀ ’ਚ ਗੋਲੀ ਮਾਰੀ
- ਲੁਧਿਆਣਾ
- (Asia/Kolkata)
ਉਜ਼ਬੇਕ ਮੂਲ ਦੀ 34 ਸਾਲਾ ਮਹਿਲਾ ਲੁਧਿਆਣਾ ਦੇ ਇੱਕ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਹਫ਼ਤਾ ਕੁ ਪਹਿਲਾਂ ਫਰੀਦਕੋਟ ਤੋਂ ਉਸ ਦੇ ਪੰਜਾਬੀ ਦੋਸਤ ਨੇ ਲੰਬੀ ਡਰਾਈਵ ’ਤੇ ਜਾਣ ਤੋਂ ਇਨਕਾਰ ਕਰਨ ਮਗਰੋਂ ਉਜ਼ਬੇਕ ਮਹਿਲਾ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਸੀ। ਹਰਿੰਦਰ ਨਗਰ ਫਰੀਦਕੋਟ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਮੁਹੱਲਾ ਰਘੂਬੀਰ ਪਾਰਕ ਜੱਸੀਆਂ ਰੋਡ ਲੁਧਿਆਣਾ ਤੋਂ ਉਸ ਦੇ ਸਾਥੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਕੋਰਟ ਵਿਚ ਪੇਸ਼ ਕਰਨ ਮਗਰੋਂ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਦੋਵਾਂ ’ਤੇ ਕਈ ਵਿਅਕਤੀਆਂ ਨਾਲ ਮਿਲ ਕੇ ਕਤਲ ਦੀ ਕੋਸ਼ਿਸ਼ ਕਰਨ ਅਤੇ ਮੌਤ ਜਾਂ ਗੰਭੀਰ ਸੱਟ ਦੀ ਧਮਕੀ ਦੇਣ ਸਮੇਤ ਅਪਰਾਧਿਕ ਧਮਕੀ ਦੇਣ ਦੇ ਦੋਸ਼ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਕੇਸ ਦਰਜ ਕਰਨ ਅਤੇ ਮੁਲਜ਼ਮ ਵਿਰੁੱਧ ਕਾਰਵਾਈ ਵਿੱਚ ਬੇਲੋੜੀ ਦੇਰੀ ਪੀੜਤਾ ਵੱਲੋਂ ਬਿਆਨ ਦਰਜ ਨਾ ਕਰਵਾਉਣ ਕਾਰਨ ਹੋਈ ਕਿਉਂਕਿ ਡਾਕਟਰਾਂ ਨੇ ਪਹਿਲਾਂ ਉਸ ਨੂੰ ਬਿਆਨ ਲਈ ਯੋਗ ਨਹੀਂ ਐਲਾਨਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ 11 ਦਸੰਬਰ ਦੁਪਹਿਰ ਨੂੰ ਪੱਖੋਵਾਲ ਰੋਡ ’ਤੇ ਇੱਕ ਹੋਟਲ ਨੇੜੇ ਮੁਲਜ਼ਮਾਂ ਵੱਲੋਂ ਗੋਲੀ ਮਾਰਨ ਤੋਂ ਬਾਅਦ ਉਜ਼ਬੇਕ ਮਹਿਲਾ Asligun Sparova ਨੂੰ ਕਿਸੇ ਰਾਹਗੀਰ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ। ਰਾਹਗੀਰ ਨੇ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਸੂਚਿਤ ਕੀਤਾ ਕਿ ਦੋ ਅਣਪਛਾਤੇ ਵਿਅਕਤੀ ਝਗੜੇ ਤੋਂ ਬਾਅਦ ਉਸ ਦੀ ਛਾਤੀ ਵਿੱਚ ਗੋਲੀ ਮਾਰ ਕੇ ਮੌਕੇ ਤੋਂ ਭੱਜ ਗਏ ਸਨ।
ਪੁਲੀਸ ਜਾਂਚ ਤੋਂ ਪਤਾ ਲੱਗਾ ਕਿ ਸਪਾਰੋਵਾ ਲਗਪਗ ਛੇ ਮਹੀਨਿਆਂ ਤੋਂ ਪੱਖੋਵਾਲ ਰੋਡ ’ਤੇ ਦਾਦ ਪਿੰਡ ਦੇ ਇੱਕ ਹੋਟਲ ਵਿੱਚ ਰਹਿ ਰਹੀ ਸੀ, ਹਾਲਾਂਕਿ ਉਹ ਲਗਪਗ ਇੱਕ ਸਾਲ ਤੋਂ ਭਾਰਤ ਵਿੱਚ ਸੀ। ਐੱਸਐੱਚਓ ਸਦਰ ਜਗਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਕੋਲ ਦਰਜ ਆਪਣੇ ਬਿਆਨ ਵਿੱਚ ਸਪਾਰੋਵਾ ਨੇ ਦੋਸ਼ ਲਗਾਇਆ ਕਿ ਬਲਵਿੰਦਰ ਸਿੰਘ ਉਸ ਦਿਨ ਉਹਨੂੰ ਮਿਲਣ ਆਇਆ ਸੀ ਅਤੇ ਉਸ ਨੂੰ ਆਪਣੀ ਕਾਰ ਵਿੱਚ ਆਪਣੇ ਅਤੇ ਆਪਣੇ ਦੋਸਤ ਨਾਲ ਲੰਬੀ ਡਰਾਈਵ ਲਈ ਜਾਣ ਲਈ ਕਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਬਲਵਿੰਦਰ ਸਿੰਘ ਨੇ ਉਸ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਪੀੜਤਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
Leave a Reply