ਬੈਂਗਕੋਕ ਨੇੜੇ ਟ੍ਰੇਨ ਉੱਤੇ ਕਰੇਨ ਡਿੱਗੀ, 22 ਲੋਕਾਂ ਦੀ ਮੌਤ ਦੀ ਰਿਪੋਰਟ

ਬੈਂਗਕੋਕ ਨੇੜੇ ਟ੍ਰੇਨ ਉੱਤੇ ਕਰੇਨ ਡਿੱਗੀ, 22 ਲੋਕਾਂ ਦੀ ਮੌਤ ਦੀ ਰਿਪੋਰਟ

ਥਾਈਲੈਂਡ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰ ਗਿਆ, ਜਿਸ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਅਧਿਕਾਰਿਕ ਤੌਰ ’ਤੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਹਾਲੇ ਨਹੀਂ ਕੀਤੀ ਗਈ। ਇਹ ਹਾਦਸਾ ਸਵੇਰੇ ਲਗਭਗ 9:05 ਵਜੇ ਬੈਂਗਕੋਕ ਤੋਂ ਕਰੀਬ 230 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਨਾਖੋਨ ਰਾਚਸੀਮਾ ਸੂਬੇ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ, ਇੱਕ ਤੇਜ਼ ਰਫ਼ਤਾਰ ਪੈਸੇਂਜਰ ਟ੍ਰੇਨ ਆਪਣੇ ਰੂਟ ’ਤੇ ਜਾ ਰਹੀ ਸੀ ਕਿ ਅਚਾਨਕ ਪੁਲ ਦੇ ਨਿਰਮਾਣ ਕੰਮ ਦੌਰਾਨ ਵਰਤੀ ਜਾ ਰਹੀ ਇੱਕ ਵੱਡੀ ਕਰੇਨ ਟ੍ਰੇਨ ਉੱਤੇ ਡਿੱਗ ਪਈ। ਅਧਿਕਾਰੀਆਂ ਨੇ ਦੱਸਿਆ ਕਿ ਕਰੇਨ ਡਿੱਗਣ ਕਾਰਨ ਟ੍ਰੇਨ ਪਟੜੀ ਤੋਂ ਉਤਰ ਗਈ ਅਤੇ ਡਰਾਈਵਰ ਨੂੰ ਬ੍ਰੇਕ ਲਗਾਉਣ ਦਾ ਵੀ ਮੌਕਾ ਨਹੀਂ ਮਿਲਿਆ। ਹਾਦਸੇ ਤੋਂ ਬਾਅਦ ਕੁਝ ਕੋਚਾਂ ਵਿੱਚ ਅੱਗ ਲੱਗ ਗਈ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਗਏ। ਰਿਪੋਰਟਾਂ ਮੁਤਾਬਕ, ਟ੍ਰੇਨ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਦਿਆਰਥੀ ਸਵਾਰ ਸਨ। ਇਸ ਹਾਦਸੇ ਵਿੱਚ ਘੱਟੋ-ਘੱਟ 40 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਈ ਯਾਤਰੀ ਕੋਚਾਂ ਵਿੱਚ ਫਸੇ ਰਹੇ, ਜਿਨ੍ਹਾਂ ਨੂੰ ਬਚਾਅ ਕਰਮਚਾਰੀਆਂ ਵੱਲੋਂ ਕਟਿੰਗ ਅਤੇ ਸਪ੍ਰੈਡਿੰਗ ਉਪਕਰਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।