ਗੁਰੂ ਕੀ ਵਡਾਲੀ ਖੇਤਰ ਵਿੱਚ ਪੁਲਿਸ ਦੀ ਕਾਰਵਾਈ, ਭੱਜਦੇ ਨੌਜਵਾਨਾਂ ਤੋਂ ਆਧੁਨਿਕ ਹਥਿਆਰ ਬਰਾਮਦ

ਗੁਰੂ ਕੀ ਵਡਾਲੀ ਖੇਤਰ ਵਿੱਚ ਪੁਲਿਸ ਦੀ ਕਾਰਵਾਈ, ਭੱਜਦੇ ਨੌਜਵਾਨਾਂ ਤੋਂ ਆਧੁਨਿਕ ਹਥਿਆਰ ਬਰਾਮਦ

ਪੰਜਾਬ ਵਿੱਚ ਸੁਰੱਖਿਆ ਮਜ਼ਬੂਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ 9 ਐਮਐਮ ਸਬ-ਮਸ਼ੀਨ ਗਨਾਂ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਗੌਰਵ ਯਾਦਵ ਨੇ ਦਿੱਤੀ। ਡੀਜੀਪੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰਾਂ ‘ਤੇ “ਗਫਾਰ ਸਕਿਊਰਿਟੀ” ਲਿਖਿਆ ਹੋਇਆ ਸੀ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਪ ਬਦਨਾਮ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨਾਲ ਸੰਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਹਥਿਆਰ ਉਸਦੇ ਨੈੱਟਵਰਕ ਰਾਹੀਂ ਸੂਬੇ ਵਿੱਚ ਦੇਸ਼ ਵਿਰੋਧੀ ਅਤੇ ਅਪਰਾਧਿਕ ਗਤੀਵਿਧੀਆਂ ਲਈ ਵਰਤੇ ਜਾਣੇ ਸਨ। ਉਨ੍ਹਾਂ ਹੋਰ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਇਸ ਆਪਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਗੁਰੂ ਕੀ ਵਡਾਲੀ, ਛੇਹਰਟਾ ਖੇਤਰ ਵਿੱਚ ਨਾਕਾ ਲਗਾਇਆ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੂੰ ਦੇਖ ਕੇ ਉਹ ਭੱਜਣ ਲੱਗ ਪਏ। ਭੱਜਦੇ ਸਮੇਂ ਉਨ੍ਹਾਂ ਦਾ ਇੱਕ ਕਿੱਟ ਬੈਗ ਡਿੱਗ ਗਿਆ, ਜਿਸ ਦੀ ਤਲਾਸ਼ੀ ਦੌਰਾਨ ਦੋ ਗੈਰ-ਕਾਨੂੰਨੀ 9 ਐਮਐਮ ਸਬ-ਮਸ਼ੀਨ ਗਨਾਂ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਹੋਈ। ਸੀਪੀ ਨੇ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਕਤਲ, ਡਕੈਤੀ, ਇਰਾਦਾ ਕਤਲ, ਅਗਵਾ, ਦੰਗਾ, ਜਬਰੀ ਵਸੂਲੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਰਗੇ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ। ਪੁਲਿਸ ਵੱਲੋਂ ਉਸ ਸਮੇਤ ਕੁੱਲ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਰਾਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਐਫਆਈਆਰ ਨੰਬਰ 66 ਮਿਤੀ 29-03-2026 ਨੂੰ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਅਸਲਾ ਐਕਟ ਦੀ ਧਾਰਾ 25 (ਆਈ-ਏ) ਤਹਿਤ ਦਰਜ ਕੀਤੀ ਗਈ ਹੈ।