ਬਰਨਾਲਾ ਚੋਣ ਅਪਡੇਟ: ਮੀਤ ਹੇਅਰ ਦੇ ਪਿੰਡ ਕੁਰੜ ਵਿੱਚ ਅਕਾਲੀ ਦਲ ਨੇ ਮਾਰੀ ਬਾਜ਼ੀ

ਬਰਨਾਲਾ ਚੋਣ ਅਪਡੇਟ: ਮੀਤ ਹੇਅਰ ਦੇ ਪਿੰਡ ਕੁਰੜ ਵਿੱਚ ਅਕਾਲੀ ਦਲ ਨੇ ਮਾਰੀ ਬਾਜ਼ੀ

ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹੁਣ ਤੱਕ ਬਲਾਕ ਮਹਿਲ ਕਲਾਂ ਵਿੱਚ ਨਤੀਜੇ ਆ ਰਹੇ ਹਨ। ਉਥੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ। ਅਕਾਲੀ ਉਮੀਦਵਾਰ ਜਸਵਿੰਦਰ ਕੌਰ ਨੇ ਆਪ ਉਮੀਦਵਾਰ ਸਵਰਨਜੀਤ ਕੌਰ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਇਸੇ ਪਿੰਡ ਤੋਂ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਸਿਆਸੀ ਸਲਾਹਕਾਰ ਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਇਸੇ ਪਿੰਡ ਤੋਂ ਹਨ।

ਰਾਏਕੋਟ ਵਿਧਾਨ ਸਭਾ ਹਲਕਾ: ਬਲਾਕ ਸੰਮਤੀ ਚੋਣਾਂ ਵਿੱਚ ਵੀ ਕਾਂਗਰਸ ਦੀ ਚੜ੍ਹਤ ਬਰਕਰਾਰ

ਵਿਧਾਨ ਸਭਾ ਹਲਕਾ ਰਾਏਕੋਟ ਵਿਚ ਬਲਾਕ ਸੰਮਤੀ ਚੋਣਾਂ ਦੇ ਹੁਣ ਤੱਕ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਦੀ ਚੜ੍ਹਤ ਬਰਕਰਾਰ ਹੈ। ਬਲਾਕ ਸੰਮਤੀ ਜ਼ੋਨ ਗੋਂਦਵਾਲ, ਹਲਵਾਰਾ, ਜਲਾਲਦੀਵਾਲ ਅਤੇ ਝੋਰੜਾਂ ਤੋਂ ਕਾਂਗਰਸ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜ਼ੋਨ ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਕਿਰਨਜੀਤ ਕੌਰ ਨੂੰ 1192, ਆਪ ਉਮੀਦਵਾਰ ਚਰਨਜੀਤ ਕੌਰ ਨੂੰ 770 ਵੋਟਾਂ ਮਿਲੀਆਂ ਹਨ। ਕਾਂਗਰਸ ਉਮੀਦਵਾਰ ਨੇ 422 ਵੋਟਾਂ ਨਾਲ ਜਿੱਤ ਦਰਜ ਕੀਤੀ।‌ ਜ਼ੋਨ ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ 1403 ਜਦਕਿ ਆਪ ਉਮੀਦਵਾਰ ਮਨਦੀਪ ਕੌਰ ਨੂੰ 1114 ਵੋਟਾਂ ਪ੍ਰਾਪਤ ਹੋਈਆਂ ਹਨ। ‌ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ ਨੇ 306 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਲਾਲਦੀਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ ਨੂੰ 2013 ਜਦਕਿ ਆਪ ਉਮੀਦਵਾਰ ਮਨਪ੍ਰੀਤ ਕੌਰ ਨੂੰ 1654 ਵੋਟਾਂ ਮਿਲੀਆਂ ਹਨ। ਉੱਧਰ ਜ਼ੋਨ ਝੋਰੜਾਂ ਵਿੱਚ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ 1581, ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ 704 ਜਦਕਿ ਆਪ ਉਮੀਦਵਾਰ ਅਮਰਜੀਤ ਕੌਰ ਤੀਜੇ ਨੰਬਰ 'ਤੇ ਰਹੀ ਅਤੇ ਉਸ ਨੂੰ 547 ਵੋਟਾਂ ਹੀ ਮਿਲੀਆਂ ਹਨ। ਇਸ ਤਰ੍ਹਾਂ ਕਾਂਗਰਸੀ ਉਮੀਦਵਾਰ ਨੇ 877 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।