ਕੋਲਕਾਤਾ ਵਿੱਚ ਨਿਰਮਾਣ ਅਧੀਨ ਗੋਦਾਮ ਦਾ ਢਾਂਚਾ ਡਿੱਗਿਆ, 5 ਮਜ਼ਦੂਰਾਂ ਦੀ ਮੌਤ
- ਦੇਸ਼
- (Asia/Kolkata)
ਪੱਛਮੀ ਕੋਲਕਾਤਾ ਦੇ ਤਾਰਾਤਲਾ ਇਲਾਕੇ ਵਿੱਚ ਟਰਾਂਸਪੋਰਟ ਡਿਪੂ ਰੋਡ ਨੇੜੇ ਬਰੇਸ ਬ੍ਰਿਜ 'ਤੇ ਬੁੱਧਵਾਰ ਨੂੰ ਨਿਰਮਾਣ ਅਧੀਨ ਗੋਦਾਮ ਦਾ ਲੋਹੇ ਦਾ ਢਾਂਚਾ ਅਤੇ ਛੱਤ ਅਚਾਨਕ ਢਹਿ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਤੋਂ 55 ਹੋਰ ਮਜ਼ਦੂਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਵਾਪਰਿਆ, ਜਦੋਂ ਨਿਰਮਾਣ ਅਧੀਨ ਗੋਦਾਮ ਵਿੱਚ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਲੋਹੇ ਦਾ ਸ਼ੈੱਡ ਅਤੇ ਢਾਂਚਾ ਡਿੱਗ ਗਿਆ, ਜਿਸ ਕਾਰਨ ਉੱਥੇ ਕੰਮ ਕਰ ਰਹੇ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਗੋਦਾਮ ਵਿੱਚ ਨਿਰਮਾਣ ਕਾਰਜ ਜਾਰੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਅਨੁਸਾਰ, ਕੋਲਕਾਤਾ ਪੁਲਿਸ, ਆਫ਼ਤ ਪ੍ਰਬੰਧਨ ਸਮੂਹ, ਸਿਵਲ ਡਿਫੈਂਸ, ਫਾਇਰ ਐਂਡ ਐਮਰਜੈਂਸੀ ਸੇਵਾਵਾਂ ਅਤੇ ਫੌਜ ਦੇ ਜਵਾਨ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਚਲਾ ਰਹੇ ਹਨ। ਮਲਬਾ ਹਟਾਉਣ ਲਈ ਕ੍ਰੇਨਾਂ ਦੀ ਮਦਦ ਲਈ ਜਾ ਰਹੀ ਹੈ, ਜਦਕਿ ਲੋਹੇ ਦੀਆਂ ਰਾਡਾਂ ਨੂੰ ਕੱਟਣ ਲਈ ਗੈਸ ਕਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹੈ ਅਤੇ ਹਾਦਸੇ ਵਿੱਚ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Leave a Reply