ਹੇਮਕੁੰਟ ਸਾਹਿਬ ਮਾਰਚ ਦੌਰਾਨ ਉੱਤਰਾਖੰਡ ਬਾਰਡਰ 'ਤੇ ਤਣਾਅ, ਨਿਹੰਗ ਸਿੰਘਾਂ ਨੇ ਤੋੜੇ ਪੁਲੀਸ ਬੈਰੀਕੇਡ

ਹੇਮਕੁੰਟ ਸਾਹਿਬ ਮਾਰਚ ਦੌਰਾਨ ਉੱਤਰਾਖੰਡ ਬਾਰਡਰ 'ਤੇ ਤਣਾਅ, ਨਿਹੰਗ ਸਿੰਘਾਂ ਨੇ ਤੋੜੇ ਪੁਲੀਸ ਬੈਰੀਕੇਡ

ਹਿਮਾਚਲ ਪ੍ਰਦੇਸ਼-ਉੱਤਰਾਖੰਡ ਸਰਹੱਦ 'ਤੇ ਵੀਰਵਾਰ ਦੇਰ ਰਾਤ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਿਹੰਗ ਸਿੰਘਾਂ ਦੇ ਇੱਕ ਵੱਡੇ ਜਥੇ ਨੇ ਵਿਕਾਸਨਗਰ ਖੇਤਰ ਦੇ ਕੁਲਹਾਲ ਚੈੱਕ ਪੋਸਟ 'ਤੇ ਪੁਲੀਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ ਅਤੇ ਹੇਮਕੁੰਟ ਸਾਹਿਬ ਵੱਲ ਰਵਾਨਾ ਹੋ ਗਿਆ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਬਲ ਅਤੇ ਦੰਗਾ ਰੋਕੂ ਸਾਜ਼ੋ-ਸਾਮਾਨ ਨਾਲ ਲੈਸ ਜਵਾਨ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਨਿਹੰਗ ਜਥੇਬੰਦੀਆਂ ਵੱਲੋਂ ਉੱਤਰਾਖੰਡ ਵੱਲ ਮਾਰਚ ਦੇ ਐਲਾਨ ਤੋਂ ਬਾਅਦ ਹੀ ਪੁਲੀਸ ਨੇ ਸਰਹੱਦ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਸਨ। ਕੁਲਹਾਲ-ਵਿਕਾਸਨਗਰ ਬਾਰਡਰ 'ਤੇ ਪੁਲੀਸ ਨੇ ਪਹਿਲਾਂ ਤੋਂ ਹੀ ਘੇਰਾਬੰਦੀ ਕਰ ਰੱਖੀ ਸੀ। ਇਹ ਤਣਾਅ ਹਾਲ ਹੀ ਵਿੱਚ ਕਰਨਪ੍ਰਯਾਗ ਅਤੇ ਨਗਰਾਸੂ ਗੁਰਦੁਆਰਿਆਂ ਨਾਲ ਜੁੜੇ ਵਿਵਾਦ ਤੋਂ ਬਾਅਦ ਹੋਰ ਵਧ ਗਿਆ ਸੀ। ਜਾਣਕਾਰੀ ਮੁਤਾਬਕ ਨਿਹੰਗ ਸਿੰਘਾਂ ਦਾ ਜਥਾ ਪੰਜਾਬ ਦੇ ਮੁਹਾਲੀ ਤੋਂ ਰਵਾਨਾ ਹੋਇਆ ਸੀ। ਉਨ੍ਹਾਂ ਨੂੰ ਉੱਤਰਾਖੰਡ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੁਲਹਾਲ ਚੌਕੀ ਇਲਾਕੇ ਨੂੰ ਸਖ਼ਤ ਸੁਰੱਖਿਆ ਵਾਲੇ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪੁਲੀਸ ਸੁਪਰਡੈਂਟ ਪੰਕਜ ਗਰੋਲਾ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਏ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੁਲੀਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸਥਾਨਕ ਐੱਸਡੀਐੱਮ, ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨਿਹੰਗ ਸਿੰਘਾਂ ਨਾਲ ਗੱਲਬਾਤ ਵੀ ਕੀਤੀ, ਪਰ ਇਹ ਗੱਲਬਾਤ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ। ਕੁਲਹਾਲ ਬਾਰਡਰ 'ਤੇ ਰੋਕੇ ਜਾਣ ਤੋਂ ਬਾਅਦ ਸਥਿਤੀ ਹੋਰ ਤਣਾਅਪੂਰਨ ਬਣ ਗਈ। ਨੀਲੇ ਬਾਣੇ ਪਹਿਨੇ ਅਤੇ ਤਲਵਾਰਾਂ, ਡੰਡਿਆਂ ਤੇ ਹੋਰ ਹਥਿਆਰਾਂ ਨਾਲ ਲੈਸ ਕਈ ਨਿਹੰਗ ਸਿੰਘਾਂ ਨੇ ਪੁਲੀਸ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਉਸ ਸਮੇਂ ਤੱਕ ਪੰਜਾਬ ਵਾਪਸ ਨਹੀਂ ਪਰਤਣਗੇ ਜਦੋਂ ਤੱਕ ਕਰਨਪ੍ਰਯਾਗ ਘਟਨਾ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਜਥੇ ਦੇ ਇੱਕ ਨੁਮਾਇੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅਰਦਾਸ ਅਤੇ ਧਾਰਮਿਕ ਰੀਤਾਂ ਅਨੁਸਾਰ ਸ਼ਾਂਤੀਪੂਰਨ ਢੰਗ ਨਾਲ ਆਪਣੀ ਯਾਤਰਾ ਪੂਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਥਾਨਕ ਲੋਕਾਂ ਨਾਲ ਟਕਰਾਅ ਦੀ ਬਜਾਏ ਆਪਸੀ ਸਮਝੌਤੇ ਰਾਹੀਂ ਵਿਵਾਦ ਦਾ ਹੱਲ ਚਾਹੁੰਦੇ ਹਨ। ਨੁਮਾਇੰਦੇ ਨੇ ਦਾਅਵਾ ਕੀਤਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਗ੍ਰਿਫ਼ਤਾਰ ਨਿਹੰਗਾਂ ਦੀ ਜ਼ਮਾਨਤ ਦੀ ਕਾਰਵਾਈ ਕੁਝ ਦਿਨਾਂ ਵਿੱਚ ਪੂਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਸਥਾਨਕ ਲੋਕਾਂ ਅਤੇ ਇੱਕ ਹੋਰ ਨਿਹੰਗ ਜਥੇ ਵਿਚਾਲੇ ਹੋਇਆ ਇੱਕ ਛੋਟਾ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰਕੇ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੇ ਇਸ ਕਾਰਵਾਈ ਨੂੰ ਇਕਪਾਸੜ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਸੀ। ਫਿਲਹਾਲ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਹਾਲਾਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।