ਮੋਗਾ ’ਚ ਵਾਹਨ ਰੋਕ ਕੇ ਲੁੱਟ ਕਰਨ ਵਾਲਾ ਗਿਰੋਹ ਬੇਨਕਾਬ, 3 ਗ੍ਰਿਫਤਾਰ
- ਮੋਗਾ
- (Asia/Kolkata)
ਪੁਲੀਸ ਨੇ ਜੀ.ਆਰ-ਇੰਫਰਾ ਪ੍ਰੋਜੈਕਟਸ ਲਿਮਟਿਡ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚੋਰੀ ਕੀਤਾ ਉਦਯੋਗਿਕ ਸਾਮਾਨ ਬਰਾਮਦ ਕੀਤਾ ਹੈ। ਇਹ ਕਾਰਵਾਈ 11 ਫਰਵਰੀ 2026 ਦੀ ਸ਼ਾਮ ਨੂੰ ਹੋਈ ਹਾਈਵੇਅ ਲੁੱਟ ਦੀ ਵਾਰਦਾਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਕੰਪਨੀ ਮੈਨੇਜਰ ਸੁਲੇਸ਼ ਕੁਮਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ,ਸ਼ਾਮ ਦੇ ਸਮੇਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਇਲਾਕੇ ਦੇ ਪਿੰਡ ਚਾਬ ਨੇੜੇ 24 ਉਦਯੋਗਿਕ ਬੈਟਰੀਆਂ ਲੈ ਕੇ ਜਾ ਰਹੇ ਇੱਕ ਟ੍ਰਾਂਸਪੋਰਟ ਵਾਹਨ ਨੂੰ ਰੋਕ ਲਿਆ ਗਿਆ ਸੀ। ਪੰਜ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਡਰਾਈਵਰ ਨੂੰ ਘੇਰ ਲਿਆ,ਉਸ ਨਾਲ ਕੁੱਟਮਾਰ ਕੀਤੀ ਅਤੇ ਟਰੱਕ ਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋਣ ਤੋਂ ਪਹਿਲਾਂ ਵਾਹਨ ਦੀਆਂ ਚਾਬੀਆਂ ਅਤੇ ਉਸ ਦਾ ਮੋਬਾਈਲ ਫ਼ੋਨ ਜ਼ਬਰਦਸਤੀ ਖੋਹ ਲਿਆ। ਮੈਨੇਜਰ ਨੇ ਟਰੱਕ ਦੀ ਹਰਕਤ ਨੂੰ ਟਰੈਕ ਕਰਨ ਲਈ ਵਾਹਨ ਦੇ ਇੰਟੀਗ੍ਰੇਟਡ ਜੀ ਪੀ ਐੱਸ ਸਿਸਟਮ ਦੀ ਵਰਤੋਂ ਕੀਤੀ। ਹਾਲਾਂਕਿ ਵਾਹਨ ਇੱਕ ਘੰਟੇ ਬਾਅਦ ਹੀ ਪਿੰਡ ਬੱਦੂਵਾਲ ਨੇੜੇ ਲਾਵਾਰਿਸ ਹਾਲਤ ਵਿੱਚ ਬਰਾਮਦ ਕਰ ਲਿਆ ਗਿਆ ਸੀ,ਪਰ ਸ਼ੱਕੀ ਵਿਅਕਤੀ ਬੈਟਰੀਆਂ ਉਤਾਰ ਕੇ ਫ਼ਰਾਰ ਹੋ ਚੁੱਕੇ ਸਨ। ਪੁਲੀਸ ਦੀ ਅਗਵਾਈ ਵਿੱਚ ਹੋਈ ਤਕਨੀਕੀ ਜਾਂਚ ਤੋਂ ਬਾਅਦ,ਮੋਗਾ ਦੇ ਪਿੰਡ ਸੈਦ ਜਲਾਲਪੁਰ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦਾ ਪਤਾ ਲਗਾਉਂਦਿਆਂ ਕਾਬੂ ਕਰ ਲਿਆ ਗਿਆ। ਇਨ੍ਹਾਂ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ,ਗੁਰਜੰਟ ਸਿੰਘ ਉਰਫ਼ ਜੰਤਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਵਜੋਂ ਹੋਈ ਹੈ। ਜਦਕਿ ਪੁਲੀਸ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਸਾਰੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਮੋਗਾ ਦੇ ਧਰਮਕੋਟ ਇਲਾਕੇ ਵਿੱਚ ਉਨ੍ਹਾਂ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।
Leave a Reply