ਤਰਨਤਾਰਨ 'ਚ ਸਨਸਨੀਖੇਜ਼ ਵਾਰਦਾਤ: ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ, ਚੋਹਲਾ ਸਾਹਿਬ ਨੇੜੇ ਸੜਕ ਕਿਨਾਰੇ ਮਿਲੀਆਂ ਲਾਸ਼ਾਂ
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਚੋਹਲਾ ਸਾਹਿਬ ਨੇੜੇ ਬੁੱਧਵਾਰ ਸਵੇਰੇ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਹਮਲਾਵਰਾਂ ਨੇ ਦੋਵਾਂ ਨੌਜਵਾਨਾਂ 'ਤੇ ਕਰੀਬ 4 ਤੋਂ 5 ਗੋਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੁੱਧਵਾਰ ਦੀ ਸਵੇਰ ਚੋਹਲਾ ਸਾਹਿਬ ਨੇੜੇ ਸੜਕ ਕਿਨਾਰੇ ਦੋਵਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਮ੍ਰਿਤਕਾਂ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਬਿੱਲਾ (26 ਸਾਲ), ਵਾਸੀ ਪਿੰਡ ਖਾਰਾ ਅਤੇ ਪਲਵਿੰਦਰ ਸਿੰਘ ਉਰਫ਼ ਪਿੰਦੀ (23 ਸਾਲ), ਵਾਸੀ ਪਿੰਡ ਪੱਖੋਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਨੌਜਵਾਨ ਅਣਵਿਆਹੇ ਸਨ ਅਤੇ ਉਨ੍ਹਾਂ ਦੀ ਉਮਰ ਕਰੀਬ 27 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦਾ ਕਤਲ ਕਿਸੇ ਹੋਰ ਥਾਂ 'ਤੇ ਕੀਤਾ ਗਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਲਾਸ਼ਾਂ ਨੂੰ ਇੱਥੇ ਸੜਕ ਕਿਨਾਰੇ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹੱਤਿਆ ਦੇ ਪਿੱਛੇ ਦੇ ਕਾਰਨਾਂ, ਪੁਰਾਣੀ ਰੰਜਿਸ਼ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਦੋਸ਼ੀਆਂ ਦੀ ਪਛਾਣ ਲਈ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।