ਈਰਾਨ ਜੰਗ ਦੌਰਾਨ ਪੰਜਾਬ ਵਿੱਚ ਪੈਟਰੋਲ-ਡੀਜ਼ਲ ਸਟਾਕ ਕਾਫ਼ੀ: CM ਮਾਨ
- ਪੰਜਾਬ
- (Asia/Kolkata)
ਈਰਾਨ ਜੰਗ ਦੇ ਮੱਦੇਨਜ਼ਰ ਪੈਦਾ ਹੋ ਰਹੀਆਂ ਚਿੰਤਾਵਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਸਟਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਘਬਰਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ 12 ਦਿਨਾਂ ਦਾ ਪੈਟਰੋਲ ਅਤੇ 14 ਦਿਨਾਂ ਦਾ ਡੀਜ਼ਲ ਮੌਜੂਦ ਹੈ, ਜਦਕਿ ਐਲਪੀਜੀ ਗੈਸ ਦਾ ਲਗਭਗ ਛੇ ਦਿਨਾਂ ਦਾ ਸਟਾਕ ਵੀ ਉਪਲਬਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ਰਹੇ ਹਨ, ਇਸ ਲਈ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਫਵਾਹਾਂ ਕਾਰਨ ਹੀ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਿੱਚ ਅਚਾਨਕ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਿੱਥੇ ਵੀ ਪੈਟਰੋਲ ਪੰਪਾਂ ’ਤੇ ਲਾਈਨਾਂ ਲੱਗ ਰਹੀਆਂ ਹਨ, ਉੱਥੇ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ Narendra Modi ਨਾਲ ਹੋਈ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਦੇਸ਼ ਕੋਲ ਕਰੀਬ 60 ਦਿਨਾਂ ਦਾ ਤੇਲ ਸਟਾਕ ਮੌਜੂਦ ਹੈ ਅਤੇ 41 ਦੇਸ਼ਾਂ ਨਾਲ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿੰਟ-ਦਰ-ਮਿੰਟ ਸਥਿਤੀ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਲਾਕਡਾਊਨ ਵਰਗੀ ਕੋਈ ਸਥਿਤੀ ਨਹੀਂ ਹੈ ਅਤੇ ਨਾ ਹੀ ਲੋਕਾਂ ਨੂੰ ਕਿਸੇ ਵੀ ਚੀਜ਼ ਦਾ ਭੰਡਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੈਟਰੋਲੀਅਮ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਇਸ ਲਈ ਸਾਰੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਫੈਕਟਰੀਆਂ ਨੂੰ ਬੰਦ ਨਾ ਕਰਨਾ ਪਵੇ ਅਤੇ ਮਜ਼ਦੂਰਾਂ ਦੀਆਂ ਨੌਕਰੀਆਂ ਪ੍ਰਭਾਵਿਤ ਨਾ ਹੋਣ। ਖੇਤੀਬਾੜੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਕਿਹਾ ਕਿ ਗੇਂਹੂ ਦੀ ਫਸਲ ਕੱਟਣ ਦਾ ਸਮਾਂ ਨੇੜੇ ਹੈ ਅਤੇ ਟਰੈਕਟਰ, ਕੰਬਾਈਨ ਅਤੇ ਟਰੱਕਾਂ ਲਈ ਡੀਜ਼ਲ ਦੀ ਲਗਾਤਾਰ ਸਪਲਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਸਲ ਨੂੰ ਮੰਡੀ ਤੱਕ ਪਹੁੰਚਾਉਣ, ਤੋਲਣ ਅਤੇ ਗੋਦਾਮਾਂ ਵਿੱਚ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਤੇਲ ਦੀ ਕਮੀ ਨਹੀਂ ਆਉਣੀ ਚਾਹੀਦੀ।
Leave a Reply