ਦੋਸਤਾਂ ਦੀ ਇੱਕੋ ਦਿਨ ਦੀ ਜਨਮ ਤਾਰੀਖ, ਇੱਕੋ ਦਿਨ ਹਾਦਸੇ 'ਚ ਮੌਤ – ਪਿੰਡ ਵਿੱਚ ਦੁਖ ਦੀ ਲਹਿਰ

ਦੋਸਤਾਂ ਦੀ ਇੱਕੋ ਦਿਨ ਦੀ ਜਨਮ ਤਾਰੀਖ, ਇੱਕੋ ਦਿਨ ਹਾਦਸੇ 'ਚ ਮੌਤ – ਪਿੰਡ ਵਿੱਚ ਦੁਖ ਦੀ ਲਹਿਰ

ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਦੀ ਸਮਰਾਲਾ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਨੇ ਪਿੰਡ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਨਵਰੀਤ ਸਿੰਘ (21) ਪੁੱਤਰ ਹਰਜਿੰਦਰ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਜਗਦੀਸ਼ ਸਿੰਘ ਦੇਰ ਰਾਤ ਸਮੇਂ ਆਪਣੀ ਕਾਰ ਵਿੱਚ ਚੰਡੀਗੜ੍ਹ ਵੱਲ ਜਾ ਰਹੇ ਸਨ। ਸਮਰਾਲਾ ਨੇੜੇ, ਕਾਰ ਅਚਾਨਕ ਡਿਵਾਈਡਰ 'ਤੇ ਚੜ੍ਹ ਗਈ ਅਤੇ ਤੇਜ਼ ਰਫ਼ਤਾਰ ਕਾਰਨ ਖੇਤਾਂ ਵਿੱਚ ਡਿੱਗ ਪਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਮੌਕੇ 'ਤੇ ਹੀ ਮ੍ਰਿਤਕ ਹੋ ਗਏ। ਦੱਸਣਯੋਗ ਹੈ ਕਿ ਇਹ ਦੋਵੇਂ ਨੌਜਵਾਨ ਚੰਡੀਗੜ੍ਹ ਤੋਂ ਆਪਣੇ ਦੋਸਤਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਜਾਣੇ ਦੇ ਯੋਜਨਾਬੱਧ ਸਫਰ 'ਤੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਕ ਹੈਰਾਨੀਜਨਕ ਅਤੇ ਦੁਖਦਾਈ ਇਤਫ਼ਾਕ ਇਹ ਵੀ ਹੈ ਕਿ ਦੋਵੇਂ ਨੌਜਵਾਨਾਂ ਦਾ ਜਨਮ 26 ਅਗਸਤ 2005 ਨੂੰ ਹੋਇਆ ਸੀ ਅਤੇ ਮੌਤ ਵੀ ਇੱਕੋ ਦਿਨ ਹੋ ਗਈ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਦੁਖ ਅਤੇ ਸਾਂਝਾ ਸੋਗ ਦਾ ਮਾਹੌਲ ਬਣ ਗਿਆ। ਦੋਵੇਂ ਨੌਜਵਾਨਾਂ ਦੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੌਤ ਦੀ ਜਾਣਕਾਰੀ 'ਤੇ ਗਹਿਰਾ ਦੁਖ ਪ੍ਰਗਟਾਇਆ। ਦੱਸਣਯੋਗ ਹੈ ਕਿ ਨਵਰੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਲੀਵਰ ਦੀ ਬਿਮਾਰੀ ਨਾਲ ਪੀੜਿਤ ਹਨ।