ਜੰਡਿਆਲਾ ਗੁਰੂ ਦੇ ਯੂਨੀਅਨ ਬੈਂਕ 'ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼, ਸੁਰੱਖਿਆ ਗਾਰਡ ਦੀ ਬਹਾਦਰੀ ਨਾਲ ਟਲਿਆ ਵੱਡਾ ਹਾਦਸਾ

ਜੰਡਿਆਲਾ ਗੁਰੂ ਦੇ ਯੂਨੀਅਨ ਬੈਂਕ 'ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼, ਸੁਰੱਖਿਆ ਗਾਰਡ ਦੀ ਬਹਾਦਰੀ ਨਾਲ ਟਲਿਆ ਵੱਡਾ ਹਾਦਸਾ

ਸਥਾਨਕ ਘਾਹ ਮੰਡੀ ਚੌਂਕ ਨੇੜੇ ਸਥਿਤ ਯੂਨੀਅਨ ਬੈਂਕ (Union Bank) ਵਿੱਚ ਅੱਜ ਦਿਨ-ਦਿਹਾੜੇ ਪੰਜ ਨਕਾਬਪੋਸ਼ ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਦਿਖਾਈ ਗਈ ਬਹਾਦਰੀ ਅਤੇ ਸੂਝ-ਬੂਝ ਕਾਰਨ ਲੁਟੇਰਿਆਂ ਦੇ ਮਨਸੂਬੇ ਨਾਕਾਮ ਹੋ ਗਏ ਅਤੇ ਇੱਕ ਵੱਡੀ ਲੁੱਟ ਹੋਣੋਂ ਟਲ ਗਈ। ਬੈਂਕ ਮੈਨੇਜਰ ਮੁਕੇਸ਼ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੈਂਕ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਚੱਲ ਰਿਹਾ ਸੀ। ਸਵੇਰੇ ਕਰੀਬ 11:15 ਵਜੇ ਚਾਰ ਨਕਾਬਪੋਸ਼ ਨੌਜਵਾਨ ਗਾਹਕਾਂ ਦੀ ਤਰ੍ਹਾਂ ਬੈਂਕ ਅੰਦਰ ਦਾਖਲ ਹੋਏ ਅਤੇ ਕਤਾਰ ਵਿੱਚ ਬੈਠ ਕੇ ਵਾਊਚਰ ਭਰਨ ਦਾ ਨਾਟਕ ਕਰਨ ਲੱਗੇ। ਇਸੇ ਦੌਰਾਨ ਜਦੋਂ ਸਕਿਉਰਟੀ ਗਾਰਡ ਨੇ ਉਨ੍ਹਾਂ ਨੂੰ ਚਿਹਰੇ ਤੋਂ ਮਾਸਕ ਹਟਾਉਣ ਲਈ ਕਿਹਾ, ਤਾਂ ਉਨ੍ਹਾਂ ਦਾ ਪੰਜਵਾਂ ਸਾਥੀ ਬੈਂਕ ਅੰਦਰ ਆਇਆ ਅਤੇ ਉਸ ਨੇ ਪਿੱਛੋਂ ਗਾਰਡ ਦੇ ਮੂੰਹ 'ਤੇ ਕੋਈ ਨਸ਼ੀਲਾ ਜਾਂ ਅੱਖਾਂ 'ਚ ਜਲਨ ਪੈਦਾ ਕਰਨ ਵਾਲਾ ਸਪਰੇਅ ਛਿੜਕ ਦਿੱਤਾ। ਸਪਰੇਅ ਕੀਤੇ ਜਾਣ ਦੇ ਬਾਵਜੂਦ ਗਾਰਡ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਰਾਈਫਲ ਚੁੱਕ ਕੇ ਬਦਮਾਸ਼ਾਂ 'ਤੇ ਤਾਣ ਦਿੱਤੀ। ਗਾਰਡ ਨੂੰ ਹਥਿਆਰਬੰਦ ਹੁੰਦਿਆਂ ਦੇਖ ਕੇ ਪੰਜੇ ਲੁਟੇਰੇ ਘਬਰਾ ਗਏ ਅਤੇ ਬਿਨਾਂ ਕੋਈ ਮਾਲੀ ਨੁਕਸਾਨ ਕੀਤੇ ਮੌਕੇ ਤੋਂ ਬਾਹਰ ਵੱਲ ਦੌੜ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਬੈਂਕ ਅੰਦਰ ਅਤੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਐੱਸਐੱਚਓ ਹਰਪਾਲ ਸਿੰਘ ਨੇ ਦੱਸਿਆ ਕਿ ਗਾਰਡ ਦੀ ਮੁਸਤੈਦੀ ਨਾਲ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।