ਫਤਿਆਬਾਦ ਸਬ-ਸਟੇਸ਼ਨ 'ਚ ਐੱਸ.ਡੀ.ਓ. 'ਤੇ ਹਮਲਾ, ਤਿੰਨ ਨਕਾਬਪੋਸ਼ਾਂ ਨੇ ਕੀਤੀ ਕੁੱਟਮਾਰ
- ਪੰਜਾਬ
- (Asia/Kolkata)
ਫਤਿਆਬਾਦ ਸਬ-ਸਟੇਸ਼ਨ ਵਿੱਚ ਤਾਇਨਾਤ ਬਿਜਲੀ ਵਿਭਾਗ ਦੇ ਐੱਸ.ਡੀ.ਓ. ਸਤਨਾਮ ਸਿੰਘ 'ਤੇ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਹਮਲਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖ਼ਮੀ ਹੋਏ ਐੱਸ.ਡੀ.ਓ. ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਐੱਸ.ਡੀ.ਓ. ਸਤਨਾਮ ਸਿੰਘ ਵੱਲੋਂ ਪੁਲਿਸ ਚੌਂਕੀ ਫਤਿਆਬਾਦ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਉਹ ਬੀਤੇ ਦਿਨ ਸਬ-ਸਟੇਸ਼ਨ ਫਤਿਆਬਾਦ ਵਿਖੇ ਆਪਣੇ ਦਫ਼ਤਰ ਵਿੱਚ ਡਿਊਟੀ ਦੌਰਾਨ ਦਫ਼ਤਰੀ ਕੰਮਕਾਜ ਕਰ ਰਹੇ ਸਨ। ਇਸੇ ਸਮੇਂ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀ ਦਫ਼ਤਰ ਅੰਦਰ ਦਾਖ਼ਲ ਹੋਏ ਅਤੇ ਬਿਜਲੀ ਸਪਲਾਈ ਨੂੰ ਲੈ ਕੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ। ਸ਼ਿਕਾਇਤ ਮੁਤਾਬਕ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਕਾਰਨ ਸਤਨਾਮ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਉੱਧਰ, ਪੁਲਿਸ ਚੌਂਕੀ ਫਤਿਆਬਾਦ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਐੱਸ.ਡੀ.ਓ. ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Leave a Reply