ਮਹਾਨ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ

12

December

2020

ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ, ਬਟੂਕੇਸ਼ਵਰ ਦੱਤ, ਰਾਜਿੰਦਰਨਾਥ ਲਹਿਰੀ, ਸਚਿੰਦਰਨਾਥ ਸਾਨਿਆਲ, ਜਤਿੰਦਰਨਾਥ, ਸਚਿੰਦਰਨਾਥ ਬਖ਼ਸ਼ੀ, ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ, ਮੰਮਥ ਗੁਪਤਾ ਆਦਿ ਅਜਿਹੇ ਸੁਤੰਤਰਤਾ ਸੰਗਰਾਮੀਏ ਸਨ, ਜੋ ਕ੍ਰਾਂਤੀਕਾਰੀ ਲਹਿਰ ਨਾਲ ਸਬੰਧਤ ਸਨ। ਅਸ਼ਫਾਕ ਉੱਲਾ ਖਾਂ ਦਾ ਜਨਮ 22 ਅਕਤੂਬਰ 1900 ਈ. ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਇੱਜ਼ਤਦਾਰ ਅਤੇ ਰੱਜੇ-ਪੁੱਜੇ ਘਰਾਣੇ ਵਿੱਚ ਹੋਇਆ। ਅਸ਼ਫਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਦੀ ਖਾਹਿਸ਼ ਲੋਕਾਂ ਦੇ ਮਨਾਂ ਉੱਤੇ ਪ੍ਰਭਾਵ ਪਾ ਰਹੀ ਸੀ। ਬਚਪਨ ਤੋਂ ਹੀ ਉਸ ਨੇ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਸ਼ਾਹਜਹਾਂਪੁਰ ਦੇ ਮਿਸ਼ਨ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਉਸ ਦਾ ਮੇਲ ਪੰਡਿਤ ਰਾਮ ਪ੍ਰਸਾਦ ਬਿਸਮਿਲ ਨਾਲ ਹੋਇਆ, ਜੋ ਉਸ ਤੋਂ ਸੀਨੀਅਰ ਜਮਾਤ ਵਿੱਚ ਸੀ। ਬਿਸਮਿਲ, ਅਸ਼ਫਾਕ ਦੇ ਵੱਡੇ ਭਰਾ ਦਾ ਜਮਾਤੀ ਸੀ। ਪਹਿਲਾਂ-ਪਹਿਲ ਬਿਸਮਿਲ ਨੇ ਅਸ਼ਫ਼ਾਕ ਨੂੰ ਗੰਭੀਰਤਾ ਨਾਲ ਨਾ ਲਿਆ, ਕਿਉਂਕਿ ਉਹਨੂੰ ਜਾਪਦਾ ਸੀ ਕਿ ਇੱਕ ਰੱਜੇ-ਪੁੱਜੇ ਘਰ ਦਾ ਅਮੀਰ ਮੁੰਡਾ ਦੇਸ਼ ਲਈ ਕੁਰਬਾਨੀ ਨਹੀਂ ਕਰ ਸਕੇਗਾ। ਪਰ ਅਸ਼ਫਾਕ ਨੇ ਹੌਸਲਾ ਨਾ ਹਾਰਿਆ ਅਤੇ ਅਖ਼ੀਰ ਉਹ ਬਿਸਮਿਲ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੋ ਗਿਆ। ਫਿਰ ਦੋਹਾਂ ਵਿੱਚ ਗੂੜ੍ਹੀ ਦੋਸਤੀ ਹੋ ਗਈ ਅਤੇ ਅਸ਼ਫ਼ਾਕ ਬਿਸਮਿਲ ਦੇ ਲੈਫਟੀਨੈਂਟ ਵਜੋਂ ਜਾਣਿਆ ਜਾਣ ਲੱਗ ਪਿਆ। ਭਾਵੇਂ ਅਸ਼ਫ਼ਾਕ ਮੁਸਲਮਾਨ ਸੀ ਅਤੇ ਬਿਸਮਿਲ ਆਰੀਆ ਸਮਾਜੀ ਹਿੰਦੂ। ਪਰ ਧਰਮ ਨੇ ਉਨ੍ਹਾਂ ਦੀ ਮਿੱਤਰਤਾ ਵਿੱਚ ਰੁਕਾਵਟ ਨਾ ਪਾਈ। ਦੋਹਾਂ ਦਾ ਇੱਕੋ -ਇੱਕ ਸਾਂਝਾ ਉਦੇਸ਼ ਸੀ-- ਦੇਸ਼ ਲਈ ਨਿਰਸੁਆਰਥ ਸੇਵਾ। ਅਸ਼ਫਾਕ ਦੀ ਜ਼ਿੰਦਗੀ ਦੀ ਇੱਕ ਘਟਨਾ ਦੋਹਾਂ ਦੀ ਦੋਸਤੀ ਦੇ ਹਵਾਲੇ ਵਜੋਂ ਕਾਫੀ ਪ੍ਰਸਿੱਧ ਹੈ: ਇੱਕ ਵਾਰ ਅਸ਼ਫਾਕ ਬੀਮਾਰ ਹੋ ਗਿਆ। ਆਪਣੀ ਬੀਮਾਰੀ ਦੌਰਾਨ ਉਹ ਬੁੜਬੁੜਾਹਟ ਵਜੋਂ 'ਰਾਮ ਰਾਮ' ਕਰਨ ਲੱਗ ਪਿਆ। ਉਸ ਦੇ ਪਿਤਾ ਨੇ ਇਲਾਜ ਲਈ ਇਕ ਮੌਲਵੀ ਨੂੰ ਸੱਦਿਆ, ਜਿਸ ਨੂੰ ਅਸ਼ਫਾਕ ਤੇ ਬਿਸਮਿਲ ਦੀ ਦੋਸਤੀ ਬਾਰੇ ਪਤਾ ਸੀ। ਮੌਲਵੀ ਬਿਸਮਿਲ ਨੂੰ ਸੱਦ ਲਿਆਇਆ। ਜਦੋਂ ਹੀ ਅਸ਼ਫ਼ਾਕ ਨੇ ਬਿਸਮਿਲ ਨੂੰ ਵੇਖਿਆ, ਤਾਂ ਉਸ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ਕਿ ਬਿਮਾਰੀ ਵਿੱਚ ਉਹ ਉਸ ਕੋਲ ਰਹੇ। ਅਸ਼ਫਾਕ ਨੇ 1920 ਦੇ ਨਾ-ਮਿਲਵਰਤਨ ਅੰਦੋਲਨ ਦੌਰਾਨ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਅਤੇ ਆਜ਼ਾਦੀ ਦੇ ਉਦੇਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਮੰਤਵ ਵਧੇਰੇ ਲੋਕਾਂ ਨੂੰ ਕ੍ਰਾਂਤੀਕਾਰੀ ਲਹਿਰ ਨਾਲ ਜੋੜਨਾ ਸੀ। ਉਹਦੇ ਬਹੁਤੇ ਦੋਸਤ ਇਹ ਸੋਚ ਕੇ ਉਸ ਦਾ ਸਾਥ ਛੱਡ ਗਏ ਕਿ ਸੁਤੰਤਰਤਾ ਲਹਿਰ ਵਿੱਚ ਸ਼ਾਮਲ ਹੋਣ ਦਾ ਅਰਥ ਹੈ-- ਸਭ ਤਰ੍ਹਾਂ ਦੇ ਦੁੱਖਾਂ ਨੂੰ ਸਹਾਰਨਾ ਅਤੇ ਜੇਲ੍ਹ ਵਿਚ ਡੱਕੇ ਜਾਣਾ। ਕ੍ਰਾਂਤੀਕਾਰੀਆਂ ਨੂੰ ਆਪਣੇ ਸੰਘਰਸ਼ ਲਈ ਹਥਿਆਰਾਂ ਦੀ ਲੋੜ ਸੀ ਜਿਸ ਲਈ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਸੀ। ਇਸ ਕੰਮ ਲਈ ਉਨ੍ਹਾਂ ਨੇ 7 ਅਗਸਤ 1925 ਨੂੰ ਸ਼ਾਹਜਹਾਂਪੁਰ ਵਿਚ ਇਕ ਬੈਠਕ ਸੱਦੀ। ਬਿਸਮਿਲ ਦੇ ਘਰੇ ਹੋਈ ਇਸ ਮੀਟਿੰਗ ਵਿਚ ਕਈ ਸਕੀਮਾਂ ਸੋਚੀਆਂ ਗਈਆਂ ਅਤੇ ਅੰਤ ਸਰਕਾਰੀ ਖ਼ਜ਼ਾਨਾ ਲੁੱਟਣ ਦਾ ਫ਼ੈਸਲਾ ਹੋਇਆ, ਜੋ ਰੇਲਗੱਡੀ ਰਾਹੀਂ ਲਿਜਾਇਆ ਜਾ ਰਿਹਾ ਸੀ। ਭਾਵੇਂ ਅਸ਼ਫ਼ਾਕ ਇਸ ਸਕੀਮ ਨਾਲ ਸਹਿਮਤ ਨਹੀਂ ਸੀ, ਪਰ ਉਹ ਦੇਸ਼ ਲਈ ਕੁਝ ਵੀ ਕਰਨ ਵਾਸਤੇ ਤਿਆਰ ਸੀ। ਫ਼ੈਸਲੇ ਮੁਤਾਬਕ ਕਾਕੋਰੀ ਸਟੇਸ਼ਨ ਨੇੜੇ ਸ਼ਾਹਜਹਾਂਪੁਰ ਅਤੇ ਲਖਨਊ ਵਿਚਾਲੇ ਗੱਡੀ ਰੋਕ ਕੇ ਧਨ ਲੁੱਟਿਆ ਜਾਣਾ ਸੀ। 9 ਅਗਸਤ 1925 ਨੂੰ ਸਚਿੰਦਰਨਾਥ ਬਖ਼ਸ਼ੀ, ਰਾਜਿੰਦਰ ਨਾਥ ਲਹਿਰੀ, ਬਿਸਮਿਲ ਅਤੇ ਅਸ਼ਫ਼ਾਕ ਸਮੇਤ ਦੱਸ ਨੌਜਵਾਨ ਸ਼ਾਹਜਹਾਂਪੁਰ ਤੋਂ ਗੱਡੀ ਰਾਹੀਂ ਲਖਨਊ ਗਏ। ਉਹ ਅੱਡ-ਅੱਡ ਡੱਬਿਆਂ ਵਿੱਚ ਹਥਿਆਰਾਂ ਅਤੇ ਔਜ਼ਾਰਾਂ ਨਾਲ ਲੈਸ ਸਨ। ਉਨ੍ਹਾਂ ਨੇ ਚੇਨ ਖਿੱਚ ਕੇ ਆਲਮ ਨਗਰ ਤੇ ਕਾਕੋਰੀ ਸਟੇਸ਼ਨ ਵਿਚਾਲੇ ਗੱਡੀ ਰੋਕ ਲਈ ਅਤੇ ਪੁਲੀਸ ਨੂੰ ਦਬੋਚ ਲਿਆ। ਗਾਰਡ ਅਤੇ ਡਰਾਈਵਰ ਨੂੰ ਡਰਾ ਧਮਕਾ ਕੇ ਅਸ਼ਫਾਕ ਨੇ ਖ਼ਜ਼ਾਨੇ ਵਾਲੀ ਪੇਟੀ ਤੋੜ ਲਈ ਅਤੇ ਸਾਰੇ ਉਥੋਂ ਦੌੜ ਗਏ। ਖ਼ਜ਼ਾਨਾ ਲੁੱਟਣ ਦੀ ਖਬਰ ਲਖਨਊ ਅਤੇ ਆਲੇ- ਦੁਆਲੇ ਜੰਗਲ ਦੀ ਅੱਗ ਵਾਂਗ ਫੈਲ ਗਈ। ਕ੍ਰਾਂਤੀਕਾਰੀਆਂ ਨੂੰ ਫੜਨ ਦੀ ਮੁਹਿੰਮ ਤੇਜ਼ ਹੋ ਗਈ। ਵਾਰਦਾਤ ਵਾਲੀ ਥਾਂ ਤੋਂ ਇੱਕ ਸ਼ਾਲ ਬਰਾਮਦ ਹੋਣ ਕਰਕੇ ਪੁਲੀਸ ਨੂੰ ਇੱਕ ਵੱਡਾ ਸੁਰਾਗ ਮਿਲ ਗਿਆ। ਪੁਲੀਸ ਨੂੰ ਸ਼ਾਹਜਹਾਂਪੁਰ ਤੋਂ ਲੁੱਟੇ ਗਏ ਕੁਝ ਕਰੰਸੀ ਨੋਟ ਵੀ ਮਿਲੇ। ਬਿਸਮਿਲ ਦੇ ਦੋ ਗੂੜ੍ਹੇ ਦੋਸਤਾਂ ਨੇ ਪੁਲੀਸ ਕੋਲ ਮੁਖਬਰੀ ਕਰ ਦਿੱਤੀ ਅਤੇ ਬਿਸਮਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਅਸ਼ਫਾਕ ਬਚ ਕੇ ਕੁਝ ਦਿਨ ਕਮਾਦ ਵਿੱਚ ਲੁਕਣ ਪਿੱਛੋਂ ਬਨਾਰਸ ਚਲਾ ਗਿਆ, ਜੋ ਕ੍ਰਾਂਤੀਕਾਰੀਆਂ ਦਾ ਇਕ ਹੋਰ ਗੜ੍ਹ ਸੀ। ਇੱਥੋਂ ਉਹ ਬਿਹਾਰ ਵਿੱਚ ਦੌਲਤਗੰਜ ਚਲਾ ਗਿਆ ਅਤੇ ਇੱਕ ਸਕੂਲ ਵਿੱਚ ਨੌਕਰੀ ਕਰ ਲਈ। ਫਿਰ ਉਹ ਇੱਕ ਹਿੰਦੂ ਦੇ ਭੇਸ ਵਿੱਚ ਮਥੁਰਾ ਰਹਿਣ ਲੱਗ ਪਿਆ। ਕੁਝ ਚਿਰ ਬਾਅਦ ਦਿੱਲੀ ਆ ਗਿਆ। ਇੱਥੇ ਉਹਦੇ ਇੱਕ ਨਜ਼ਦੀਕੀ ਨੇ ਧੋਖੇ ਨਾਲ ਉਹਨੂੰ 8 ਸਤੰਬਰ 1926 ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਅਸ਼ਫਾਕ ਨੂੰ ਲਖਨਊ ਲਿਆਂਦਾ ਗਿਆ। ਇੱਥੇ ਸਚਿੰਦਰਨਾਥ ਬਖ਼ਸ਼ੀ ਸਮੇਤ ਉਸ 'ਤੇ ਕਾਕੋਰੀ ਕੇਸ ਦਾ ਮੁਕੱਦਮਾ ਚਲਾਇਆ ਗਿਆ। ਉਸ ਨੂੰ ਬਿਸਮਿਲ ਤੋਂ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਸੀ। ਅਸ਼ਫਾਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਉਸ ਨੇ ਖ਼ੁਸ਼ੀ ਨਾਲ ਪ੍ਰਵਾਨ ਕੀਤਾ। ਫੈਜ਼ਾਬਾਦ ਵਿੱਚ ਫਾਂਸੀ ਲਾਏ ਜਾਣ ਤੋਂ ਇਕ ਦਿਨ ਪਹਿਲਾਂ ਉਹਦੇ ਸਾਥੀਆਂ ਨੇ ਉਹਨੂੰ ਬੜਾ ਖੁਸ਼ ਵੇਖਿਆ, ਤਾਂ ਅਸ਼ਫਾਕ ਨੇ ਦੱਸਿਆ ਕਿ ਕੱਲ੍ਹ ਨੂੰ ਉਸ ਦਾ ਵਿਆਹ ਹੋਣਾ ਹੈ। 19 ਦਸੰਬਰ 1927 ਨੂੰ ਫਾਂਸੀ ਵਾਲੇ ਦਿਨ ਉਹ ਸਵੇਰੇ ਹੀ ਉੱਠ ਪਿਆ। ਉਸ ਨੇ ਨਮਾਜ਼ ਅਦਾ ਕੀਤੀ ਅਤੇ ਕੁਰਾਨ ਪੜ੍ਹੀ। ਸਵੇਰੇ ਛੇ ਵਜੇ ਜਦੋਂ ਉਹਨੂੰ ਫਾਂਸੀ ਦੇ ਫੰਦੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਦੇ ਝੋਲੇ ਵਿੱਚ ਕੁਰਾਨ ਸੀ ਅਤੇ ਉਹ ਆਇਤਾਂ ਪੜ੍ਹ ਰਿਹਾ ਸੀ। ਫਾਂਸੀ ਦਾ ਰੱਸਾ ਚੁੰਮਦਿਆਂ ਉਹਨੇ ਕਿਹਾ, “ਮੈਂ ਕਦੇ ਵੀ ਕਿਸੇ ਦਾ ਕਤਲ ਕਰਕੇ ਆਪਣੇ ਹੱਥ ਖੂਨ ਨਾਲ ਗੰਦੇ ਨਹੀਂ ਕੀਤੇ। ਮੈਂ ਅੱਲਾ ਤੋਂ ਇਨਸਾਫ਼ ਮੰਗਾਂਗਾ। ਮੇਰੇ ਤੇ ਲਾਏ ਸਾਰੇ ਦੋਸ਼ ਸਰਾਸਰ ਗ਼ਲਤ ਹਨ।“ ਉਸ ਨੇ ਫਾਂਸੀ ਦਾ ਰੱਸਾ ਗਲ ਵਿੱਚ ਪਾਉਂਦਿਆਂ ਇਹ ਕਾਵਿ- ਪੰਕਤੀਆਂ ਉਚਾਰੀਆਂ: r ਫਨਾ ਹੈ ਸਬ ਕੇ ਲੀਏ ਹਮ ਪੇ ਕੁਛ ਨਹੀਂ ਮੌਕੂਫ਼ ਬਕਾ ਹੈ ਏਕ ਫਕਤ ਜਾਨ-ਏ-ਕਿਥਿਓਂ ਕੇ ਲੀਏ। r ਤੰਗ ਆ ਕਰ ਹਮ ਉਨ ਕੇ ਜ਼ੁਲਮ ਸੇ ਬੇਦਾਦ ਸੇ ਚਲ ਦੀਏ ਸੂਏ ਅਦਮ ਜ਼ਿੰਦਾਨੇ ਫੈਜ਼ਾਬਾਦ ਸੇ। ਅਸ਼ਫਾਕ ਉੱਲਾ ਖਾਂ ਹਿੰਦੂ-ਮੁਸਲਿਮ ਏਕਤਾ ਦਾ ਪੱਕਾ ਮੁੱਦਈ ਸੀ। ਭਾਵੇਂ ਉਹ ਇੱਕ ਪੱਕਾ ਮੁਸਲਮਾਨ ਸੀ, ਪਰ ਉਹ ਚਾਹੁੰਦਾ ਸੀ ਕਿ ਹਿੰਦੁਸਤਾਨ ਇੱਕ ਸੁਤੰਤਰ ਰਾਸ਼ਟਰ ਬਣੇ, ਜਿਸ ਵਿੱਚ ਅਮੀਰ ਤੇ ਗ਼ਰੀਬ ਬਿਨਾਂ ਕਿਸੇ ਧਾਰਮਿਕ ਤੰਗ ਦਿਲੀ ਤੋਂ ਅਮਨ-ਅਮਾਨ ਅਤੇ ਚੈਨ ਨਾਲ ਰਹਿ ਸਕਣ। ਫਾਂਸੀ ਲੱਗਣ ਤੋਂ ਤਿੰਨ ਦਿਨ ਪਹਿਲਾਂ ਉਹਨੇ ਫ਼ੈਜ਼ਾਬਾਦ ਦੇ ਲੋਕਾਂ ਦੇ ਨਾਂ ਇਕ ਸੰਦੇਸ਼ ਵਿਚ ਕਿਹਾ ਸੀ ਕਿ ਸਮੂਹ ਭਾਰਤਵਾਸੀ ਆਪਣੇ ਧਰਮ ਤੋਂ ਉੱਪਰ ਉੱਠ ਕੇ ਵਤਨ ਦੀ ਏਕਤਾ ਅਤੇ ਖੁਸ਼ਹਾਲੀ ਲਈ ਕੰਮ ਕਰਨ। ਅਸ਼ਫਾਕ ਨੇ ਇਹ ਵੀ ਕਿਹਾ ਕਿ ਦੇਸ਼ਵਾਸੀ ਧਰਮ ਦੇ ਨਾਂ ਤੇ ਆਪਸ ਵਿੱਚ ਨਾ ਲੜਨ। ਉਸ ਨੂੰ ਮਾਣ ਸੀ ਕਿ ਉਹ ਦੇਸ਼ ਦਾ ਪਹਿਲਾ ਮੁਸਲਮਾਨ ਹੈ, ਜਿਸ ਨੂੰ ਜੰਗੇ-ਆਜ਼ਾਦੀ ਲਈ ਫਾਂਸੀ ਦਿੱਤੀ ਜਾ ਰਹੀ ਹੈ। ਇਕ ਹੋਰ ਘਟਨਾ ਰਾਹੀਂ ਵੀ ਉਹਦੀ ਹਿੰਦੂ-ਮੁਸਲਿਮ ਏਕਤਾ ਸਪਸ਼ਟ ਹੁੰਦੀ ਹੈ। ਸ਼ਾਹਜਹਾਂਪੁਰ ਵਿੱਚ ਦੰਗਾਕਾਰੀਆਂ ਦੀ ਭੀੜ ਆਰੀਆ ਸਮਾਜ ਮੰਦਰ ਨੂੰ ਅੱਗ ਲਾਉਣ ਜਾ ਰਹੀ ਸੀ। ਅਸ਼ਫਾਕ ਨੇ ਮੰਦਰ ਦੀ ਕੰਧ ਉੱਤੇ ਚੜ੍ਹ ਕੇ ਆਪਣਾ ਪਿਸਤੌਲ ਕੱਢਿਆ ਅਤੇ ਐਲਾਨ ਕੀਤਾ ਕਿ ਜੇ ਕੋਈ ਮਾੜੇ ਇਰਾਦੇ ਨਾਲ ਅੱਗੇ ਵਧਿਆ ਤਾਂ ਉਹ ਉਹਨੂੰ ਮਾਰ ਮੁਕਾਵੇਗਾ। ਇਹ ਸੁਣ ਕੇ ਭੀੜ ਨੇ ਖਿਸਕਣ ਵਿੱਚ ਹੀ ਭਲਾਈ ਸਮਝੀ। ਅਸ਼ਫਾਕ ਉਰਦੂ ਦਾ ਚੰਗਾ ਕਵੀ ਵੀ ਸੀ, ਜਿਸ ਨੇ 'ਹਸਰਤ' ਤਖੱਲਸ ਹੇਠ ਦੇਸ਼ਭਗਤੀ, ਏਕਤਾ ਅਤੇ ਮਾਤ-ਭੂਮੀ ਲਈ ਕੁਰਬਾਨੀ ਦੇ ਰੰਗ ਵਾਲੀਆਂ ਕਵਿਤਾਵਾਂ ਦੀ ਰਚਨਾ ਕੀਤੀ। ਉਸਨੇ ਉਰਦੂ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਲੇਖ ਤੇ ਕਵਿਤਾਵਾਂ ਲਿਖੀਆਂ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਬਿਸਮਿਲ ਅਤੇ ਅਸ਼ਫਾਕ ਦੀ ਭੂਮਿਕਾ ਬਿਨਾਂ ਸ਼ੱਕ ਹਿੰਦੂ-ਮੁਸਲਿਮ ਏਕਤਾ ਦੀ ਬੇਜੋੜ ਉਦਾਹਰਣ ਹੈ। ਉਸ ਦੇ ਕਾਵਿ 'ਚੋਂ ਕੁਝ ਵੰਨਗੀਆਂ ਪੇਸ਼ ਹਨ: r ਖ਼ਾਮੋਸ਼ ਹਜ਼ਰਤ ਖ਼ਾਮੋਸ਼ ਹਸਰਤ, ਅਗਰ ਹੈ ਜਜ਼ਬਾ ਵਤਨ ਕਾ ਦਿਲ ਮੇਂ। ਸਜ਼ਾ ਕੋ ਪਹੁੰਚੇਂਗੇ ਅਪਨੀ ਬੇਸ਼ੱਕ, ਜੋ ਆਜ ਹਮ ਕੋ ਮਿਟਾ ਰਹੇ ਹੈਂ। r ਬੁਜ਼ਦਿਲੋਂ ਹੀ ਕੋ ਸਦਾ ਮੌਤ ਸੇ ਡਰਤੇ ਦੇਖਾ। ਗੋ ਕਿ ਸੌ ਬਾਰ ਉਨਹੇਂ ਰੋਜ਼ ਹੀ ਮਰਤੇ ਦੇਖਾ। r ਵਤਨ ਹਮੇਸ਼ਾ ਰਹੇ ਸ਼ਾਦਕਾਮ ਔਰ ਆਜ਼ਾਦ ਹਮਾਰਾ ਕਿਆ ਹੈ, ਹਮ ਰਹੇਂ, ਨਾ ਰਹੇਂ। r ਕਸ ਲੀ ਹੈ ਕਮਰ ਅਬ ਤੋ, ਕੁਛ ਕਰਕੇ ਦਿਖਾਏਂਗੇ ਆਜ਼ਾਦ ਹੀ ਹੋ ਲੇਂਗੇ, ਯਾ ਸਰ ਕਟਾ ਦੇਂਗੇ। r ਬਹੁਤ ਹੀ ਜਲਦ ਟੂਟੇਂਗੀ ਗ਼ੁਲਾਮੀ ਕੀ ਯੇ ਜੰਜ਼ੀਰੇਂ ਕਿਸੀ ਦਿਨ ਦੇਖਨਾ ਆਜ਼ਾਦ ਯੇ ਹਿੰਦੋਸਤਾਂ ਹੋਗਾ। ਸੱਚਮੁੱਚ ਅਸ਼ਫਾਕ ਇੱਕ ਸੱਚਾ-ਸੁੱਚਾ ਮੁਸਲਿਮ ਦੇਸ਼ਭਗਤ ਕ੍ਰਾਂਤੀਕਾਰੀ ਅਤੇ ਵਤਨ-ਪਿਆਰ ਦੇ ਜਜ਼ਬੇ ਵਾਲਾ ਸ਼ਾਇਰ ਸੀ। ਅਜਿਹੇ ਵਤਨ-ਪ੍ਰੇਮੀਆਂ 'ਤੇ ਭਾਰਤ ਨੂੰ ਹਮੇਸ਼ਾ ਮਾਣ ਅਤੇ ਗੌਰਵ ਰਹੇਗਾ! (ਪ੍ਰੋ. ਨਵ ਸੰਗੀਤ ਸਿੰਘ) # ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 82642 86062.