26 ਅਕਤੂਬਰ ਨੂੰ ਜਲੰਧਰ ਵਿਖੇ ਹੋ ਰਹੀ ਸਾਂਝੀ ਟਰੇਡ ਯੂਨੀਅਨ ਕਨਵੈਨਸ਼ਨ ਵਿੱਚ ਸੀਟੂ ਨਾਲ ਸਬੰਧਤ ਯੂਨੀਅਨਾਂ ਦੇ 500 ਪ੍ਰਤੀਨਿਧੀ ਹੋਣਗੇ ਸ਼ਾਮਲ - ਰਘੁਨਾਥ ਸਿੰਘ

24

October

2020

ਸੰਗਰੂਰ,24 ਅਕਤੂਬਰ (ਜਗਸੀਰ ਲੌਂਗੋਵਾਲ ) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਕਿ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ, ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਬਣਾਏ 4 ਕੋਡਾਂ ਦੇ ਵਿਰੋਧ ਵਿੱਚ 26 ਨਵੰਬਰ ਦੀ ਹੜਤਾਲ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਲਾਮਿਸਾਲ ਢੰਗ ਨਾਲ ਸਫਲ ਬਣਾਉਣ ਲਈ 26 ਅਕਤੂਬਰ 2020 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਮਜ਼ਦੂਰ-ਮੁਲਾਜ਼ਮ ਯੂਨੀਅਨਾਂ ਦੀ ਸਾਂਝੀ ਸੂਬਾਈ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਾਂਝੀ ਟਰੇਡ ਯੂਨੀਅਨ ਕਨਵੈਨਸ਼ਨ ਵਿੱਚ ਸੀਟੂ ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਦੀਆਂ ਮਜ਼ਦੂਰ-ਮੁਲਾਜ਼ਮ ਯੂਨੀਅਨਾਂ ਦੇ 500 ਤੋਂ ਵੱਧ ਪ੍ਰਤੀਨਿਧੀ ਸ਼ਾਮਲ ਹੋਣਗੇ। ਰਘੁਨਾਥ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ 26 ਅਕਤੂਬਰ ਦੀ ਸਾਂਝੀ ਟਰੇਡ ਯੂਨੀਅਨ ਕਨਵੈਨਸ਼ਨ ਦੀ ਤਿਆਰੀ ਮੁਹਿੰਮ ਨੂੰ ਮਜ਼ਦੂਰਾਂ-ਮੁਲਾਜਮਾਂ ਵਿੱਚ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਕਨਵੈਨਸ਼ਨ ਵਿੱਚ ਟਰੇਡ ਯੂਨੀਅਨਾਂ ਦੇ ਪ੍ਰਤੀਨਿੱਧਾਂ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸਨਾਂ ਅਤੇ ਯੂਨੀਅਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਕਨਵੈਨਸ਼ਨ ਵਿੱਚ 26 ਨਵੰਬਰ 2020 ਨੂੰ ਕੇਂਦਰ ਕੀ ਮੋਦੀ ਸਰਕਾਰ ਅਤੇ ਅਨੇਕਾਂ ਰਾਜ ਸਰਕਾਰਾਂ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ, ਕਿਸਾਨਾਂ ਵਿਰੁੱਧ ਬਣਾਏ ਤਿੰਨ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰਾਂ ਵਿਰੋਧੀ ਸੋਧਾਂ ਕਰਕੇ ਬਣਾਏ ਚਾਰ ਕਿਰਤ ਕੋਡਾਂ ਅਤੇ ਫਿਰਕੂ ਫਾਸ਼ੀਵਾਦ ਵਿਰੁੱਧ ਕੀਤੀ ਜਾ ਰਹੀ ਰਾਸ਼ਟਰ ਵਿਆਪੀ ਹੜਤਾਲ ਦੀ ਤਿਆਰੀ ਲਈ ਠੋਸ ਰੂਪ ਵਿੱਚ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ।