ਅਗਾਂਹਵਧੂ ਕਿਸਾਨ ਹਰਨੀਲ ਸਿੰਘ ਪਰਾਲੀ ਨਾ ਸਾੜ ਕੇ ਹੋਰ ਕਿਸਾਨਾਂ ਲਈ ਬਣਿਆ ਚਾਨਣ ਮੁਨਾਰਾ

21

October

2020

ਲੁਧਿਆਣਾ, 21 ਅਕਤੂਬਰ (ਬਿਕਰਮਪ੍ਰੀਤ)- ਅਗਾਂਹਵਧੂ ਕਿਸਾਨ ਹਰਨੀਲ ਸਿੰਘ ਜੋ ਕਿ ਪਿੰਡ ਨੂਰਵਾਲਾ, ਬਲਾਕ ਮਾਂਗਟ, ਲੁਧਿਆਣਾ ਦਾ ਰਹਿਣ ਵਾਲਾ ਹੈ, ਉਸ ਨੇ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਬਾਕੀ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ। ਕਿਸਾਨ ਹਰਨੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੱਲੋਂ ਆਤਮਾ ਸਕੀਮ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਉਹ ਆਪਣੀ 40 ਏਕੜ ਜ਼ਮੀਨ ਉਤੇ ਖੇਤੀ ਕਰਦਾ ਹੈ ਅਤੇ ਉਹ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਸੁਚੱਜੇ ਢੰਗ ਨਾਲ ਪਰਾਲੀ ਦਾ ਪ੍ਰਬੰਧ ਕਰਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਰੋਟਾਵੇਟਰ ਦੁਆਰਾ ਕੀਤੀ ਜਾਂਦੀ ਹੈ ਅਤੇ ਬਰਸੀਮ ਦੀ ਬਿਜਾਈ ਖੇਤ ਵਿੱਚ ਤਿੰਨ ਵਾਰ ਤਵੀਆਂ ਮਾਰਨ ਉਪਰੰਤ ਦੋ ਵਾਰ ਰੋਟਾਵੇਟਰ ਮਾਰ ਕੇ ਕੀਤੀ ਜਾਂਦੀ ਹੈ। ਕਿਸਾਨ ਹਰਨੀਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀ ਜਾ ਰਹੀ ਹੈਪੀ ਸੀਡਰ ਅਤੇ ਰੋਟਾਵੇਟਰ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ ਵੱਲੋਂ ਆਰਗੈਨਿਕ/ਕੁਦਰਤੀ ਖੇਤੀ ਬਾਰੇ ਪ੍ਰੇਰਿਤ ਹੋਣ ਉਪਰੰਤ ਉਸ ਵੱਲੋਂ ਦੋ ਕਿੱਲੇ ਦੀ ਬਿਜਾਈ ਵੀ ਕੀਤੀ ਗਈ। ਕਿਸਾਨ ਹਰਨੀਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਮਾਹਿਰਾਂ ਦੀਆਂ ਸੇਧਾਂ ਉੱਤੇ ਚੱਲ ਕੇ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਰਿਹਾ ਹੈ, ਜਿਸ ਨਾਲ ਖਾਦਾਂ ਦੀ ਵਰਤੋਂ ਵੀ ਘੱਟ ਗਈ ਹੈ ਅਤੇ ਫਸਲ ਦਾ ਝਾੜ ਵੀ ਵਧਿਆ ਹੈ। ਕਿਸਾਨ ਵੱਲੋਂ ਦੱਸਿਆ ਗਿਆ ਕਿ ਉਹ ਕਣਕ ਦੀ ਵਾਢੀ ਉਪਰੰਤ ਜੰਤਰ ਦਾ ਬੀਜ ਹਰੀ ਖਾਦ ਦੇ ਤੌਰ 'ਤੇ ਬੀਜਦਾ ਹੈ ਅਤੇ ਇਸ ਨੂੰ ਖੇਤਾਂ ਵਿੱਚ ਹੀ ਵਾਹੁੰਦਾ ਹੈ। ਕਿਸਾਨ ਹਰਨੀਲ ਸਿੰਘ ਵੱਲੋਂ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਦੀ ਮਿੱਟੀ ਦੀ ਸੰਭਾਲ ਕਰਕੇ ਕੋਵਿਡ-19 ਤੋਂ ਬਚਾਅ ਲਈ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਗਿਆ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਹੈ।