ਮਜ਼ਦੂਰ-ਮੁਲਾਜ਼ਮ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਅੱਜ ਕਰਨਗੇ ਚੱਕਾ ਜਾਮ - ਰਘੁਨਾਥ ਸਿੰਘ

20

October

2020

ਲੌਂਗੋਵਾਲ,20 ਅਕਤੂਬਰ (ਜਗਸੀਰ ਸਿੰਘ ) - ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਅਤੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ ਵਿੱਚ ਧੱਕੇ ਨਾਲ ਪਾਸ ਕਰਕੇ ਬਣਾਏ ਤਿੰਨ ਕਾਨੂੰਨਾਂ ਖਿਲਾਫ 1. ਕਿਸਾਨੀ ਜਿਣਸ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ, 2. ਕਿਸਾਨੀ ਦਾ (ਸੁਸ਼ਕਤੀਕਰਨ ਤੇ ਸੁਰੱਖਿਆ) ਕੀਮਤਾਂ ਦੇ ਭਰੋਸੇ ਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਐਕਟ, 3.ਜ਼ਰੂਰੀ ਵਸਤਾਂ (ਸੋਧ) ਐਕਟ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਪੰਜਾਬ ਵਿੱਚ ਸੀਟੂ ਨਾਲ ਸਬੰਧਤ ਸਨਅਤੀ ਮਜ਼ਦੂਰਾਂ ਦੀਆਂ ਸਾਰੀਆਂ ਯੂਨੀਅਨਾਂ, ਮਨਰੇਗਾ ਵਰਕਰਜ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ, ਆਸ਼ਾ ਵਰਕਰਜ਼ ਐਡ ਫੈਸੀਲੀਟੇਟਰਜ਼ ਯੂਨੀਅਨ, ਲਾਲ ਝੰਡਾ ਪੇਂਡੂ ਮਜ਼ਦੂਰ ਯੂਨੀਅਨ, ਪੀ.ਸੀ.ਐਮ.ਐਸ.ਆਰ.ਯੂ., ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ, ਪੀ.ਆਰ.ਟੀ.ਸੀ. ਮੋਟਜ ਮਜ਼ਦੂਰ ਯੂਨੀਅਨ, ਪੰਜਾਬ ਰੋਡਵੇਜ ਮੋਟਰ ਮਜ਼ਦੂਰ ਯੂਨੀਅਨ, ਮਿਡ ਤੇ ਮੀਲ ਵਰਕਰਜ਼ ਯੂਨੀਅਨ ਅਤੇ ਗੈਰਜਥੇਬੰਦ ਖੇਤਰ ਦੇ ਮਜ਼ਦੂਰਾਂ ਦੀਆਂ ਯੂਨੀਅਨਾਂ ਦੇ ਹਜ਼ਾਰਾਂ ਵਰਕਰ 12 ਵਜੇ ਦੁਪਹਿਰ ਤੋਂ 1 ਵਜੇ ਤੱਕ ਮੁਕੰਮਲ ਚੱਕਾ ਜਾਮ ਕਰਨਗੇ। ਰਘੁਨਾਥ ਸਿੰਘ ਨੇ ਦੱਸਿਆ ਕਿ ਚੱਕਾ ਜਾਮ ਲਈ ਪੰਜਾਬ ਵਿੱਚ 70 ਤੋਂ ਵੱਧ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਚੱਕਾ ਜਾਮ ਕਰਨ ਤੋਂ ਬਾਦ ਸੀਟੂ ਵਰਕਰ ਜਿੱਥੇ ਵੀ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਹਨ ੳੁੱਥੇ ਰੋਸ ਵਿਖਾਵੇ ਕਰਕੇ ਕਿਸਾਨਾਂ ਦੇ ਸੰਘਰਸ਼ ਨਾਲ ਇੱਕਮੁਠਤਾ ਪ੍ਰਗਟ ਕਰਨਗੇ। ਸੀਟੂ ਵਰਕਰ ਲਗਾਤਾਰ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣਗੇ। ਰਘੁਨਾਥ ਸਿੰਘ ਨੇ ਕਿਹਾ ਕਿ ਭਾਰਤ ਦੀ ਖੇਤੀ ਬਾੜੀ ਉੱਤੇ ਬਹੁਕੌਮੀ ਕੰਪਨੀਆਂ ਅਤੇ ਭਾਰਤੀ ਕਾਰਪੋਰੇਟ ਘਰਾਣਿਆਂ ਦੇ ਕਬਜੇ ਨੂੰ ਰੋਕਣਾ ਇਕੱਲਾ ਕਿਸਾਨਾਂ ਦੀ ਜਿੰਮੇਦਾਰੀ ਹੀ ਨਹੀ, ਇਹ ਜਿਮੇਂਦਾਰੀ ਸਾਰੇ ਮਿਹਨਤਕਸ਼ ਲੋਕਾਂ ਦੀ ਹੈ। ਰਘੁਨਾਥ ਸਿੰਘ ਨੇ ਪੰਜਾਬ ਦੇ ਮਜ਼ਦੂਰਾਂ ਨੂੰ 26 ਨਵੰਬਰ ਦੀ ਹੜਤਾਲ ਦੀ ਤਿਆਰੀ ਮੁਹਿੰਮ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਹਰ ਪਿੰਡ ਅਤੇ ਕਸਬੇ ਵਿੱਚ ਕਿਸਾਨਾਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ 26 ਨਵੰਬਰ ਦੀ ਹੜਤਾਲ ਪੰਜਾਬ ਬੰਦ ਦਾ ਰੂਪ ਧਾਰਨ ਕਰ ਜਾਵੇਗੀ ਅਤੇ ਲੱਖਾਂ ਮਜ਼ਦੂਰ ਕਿਸਾਨ ਮੋਦੀ ਸਰਕਾਰ ਦੀਆਂ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਖਿਲਾਫ ਸੜਕਾਂ ਤੇ ਆ ਜਾਣਗੇ।