ਬੇਰੋਜਗਾਰ ਕੋਵਿਡ-19 ਫਰੰਟ ਲਾਈਨ ਦੇ ਵਲੰਟੀਅਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ

20

October

2020

ਲੌਂਗੋਵਾਲ, 20 ਅਕਤੂਬਰ (ਜਗਸੀਰ ਸਿੰਘ ) - ਸੂਬੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਰਾਵਟ ਆਉਣ ਤੋਂ ਬਾਅਦ ਪੰਜਾਬ ਦੀਆਂ ਸਿਹਤ ਸੰਸਥਾਵਾਂ ਕਰੋਨਾ ਵਲੰਟੀਅਰ ਨੂੰ ਕੱਢੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਕਰੋਨਾ ਵਲੰਟੀਅਰ ਨੇ ਆਪਣੀਆਂ ਨੌਕਰੀਆਂ ਮੁੜ ਤੋਂ ਹਾਸਿਲ ਕਰਨ ਲਈ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਪਟਿਆਲਾ ਦੀਆਂ ਸੜਕਾਂ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕਰਕੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਹਿਲ ਵੱਲ ਨੂੰ ਜਾਂਦੇ ਵਲੰਟੀਅਰ ਨਾਲ ਪੁਲਿਸ ਦੀ ਹੱਥੋਪਾਈ ਵੀ ਹੋਈ। ਇਸ ਮੌਕੇ ਜਿਲ੍ਹਾ ਪ੍ਰਸਾਸਨ ਨੇ ਕਰੋਨਾ ਵਲੰਟੀਅਰ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਵੱਲੋਂ ਸਿਹਤ ਮੰਤਰੀ ਨਾਲ ਬੈਠਕ ਕਰਾਉਣ ਦਾ ਭਰੋਸਾ ਦੇਣ ਉਪਰੰਤ ਵਲੰਟੀਅਰ ਨੇ ਧਰਨਾ ਚੁੱਕਿਆ। ਇਸ ਸਮੇਂ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਜਦੋਂ ਕਰੋਨਾ ਮਹਾਂਮਾਰੀ ਚਰਨ ਸੀਮਾਂ ਤੇ ਸੀ ਉਸ ਭਿਆਨਕ ਸਮੇਂ ਦੌਰਾਨ ਕਰੋਨਾ ਮਰੀਜਾਂ ਦੀ ਦੇਖਭਾਲ ਲਈ ਭਾਰਤ ਸਰਕਾਰ ਵੱਲੋਂ ਕੋਵਿਡ-19 ਪੈਰਾ ਮੈਡੀਕਲ ਸਟਾਫ ਦੀ ਵਿਦਿਅਕ ਯੋਗਤਾ, ਇੰਟਰਵਿਊ ਅਨੁਸਾਰ ਭਰਤੀ ਕੀਤੀ ਗਈ ਸੀ। ਜੋ ਪੰਜਾਬ ਦੇ ਵੱਖ - ਵੱਖ ਹਸਪਤਾਲਾਂ, ਕੋਵਿਡ ਸੈਂਟਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਸਰਕਾਰ ਵੱਲੋਂ ਸਾਡੇ ਤੋਂ ਮਾੜੇ ਦੌਰ ਵਿੱਚ ਕੰਮ ਲੈਕੇ ਹੁਣ ਸਾਡੇ ਤੋਂ ਰੋਜਗਾਰ ਖੋ ਲਿਆ ਹੈ । ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਮਨਿੰਦਰ ਸਿੰਘ ਕਿਹਾ ਕਿ ਅਸੀਂ ਸਰਕਾਰ ਨਾਲ ਉਸ ਮਾੜੇ ਦੌਰ ਵਿੱਚ ਕੰਮ ਕੀਤਾ ਜਦੋਂ ਲੋਕ ਡਰਦੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਸੰਸਕਾਰ ਕਰਨ ਤੋਂ ਵੀ ਡਰਦੇ ਸਨ ਅਸੀਂ ਉਸ ਮਾੜੇ ਸਮੇਂ ਵਿੱਚ ਆਪਣੀ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਦੀ ਪਰਵਾਹ ਨਾਂ ਕਰਦਿਆਂ 4-5 ਮਹੀਨੇ ਬੜ੍ਹੀ ਮਿਹਨਤ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਕੱਢੀਆਂ ਗਈਆਂ ਨੌਕਰੀਆਂ ਜਾ ਹੋਰ ਕੱਢੀਆਂ ਜਾਣ ਵਾਲੀਆਂ ਨੌਕਰੀਆਂ ਵਿੱਚ ਸਾਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ। ਇਸ ਮੌਕੇ ਵਲੰਟੀਅਰ ਗੁਰਮੀਤ ਕੌਰ ਨੇ ਕਿਹਾ ਉਸ ਸਮੇਂ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਆਪਣੇ ਪਰਿਵਾਰ ਕੋਲ ਛੱਡ ਕੇ ਕੰਮ ਕੀਤਾ, ਕੁਝ ਸਟਾਫ ਨਰਸਾਂ ਦੇ ਬੱਚੇ ਤਾ ਉਸ ਸਮੇਂ ਦੌਰਾਨ ਫੀਡ ਵੀ ਲੈ ਰਹੇ ਸਨ। ਅਸੀਂ ਮਾੜੇ ਸਮੇਂ ਵਿੱਚ ਸਰਕਾਰ ਦਾ ਸਾਥ ਦਿੱਤਾ ਹੈ, ਸਾਡੀ ਮੰਗ ਤੇ ਸਰਕਾਰ ਗੌਰ ਕਰੇ ਨਹੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਮਨਦੀਪ ਸਿੰਘ, ਗੁਰਜੀਤ ਕੌਰ, ਸਤਨਾਮ ਸਿੰਘ, ਮਨਿੰਦਰ ਸਿੰਘ ਅਮਨਿੰਦਰ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਅਮਨਦੀਪ ਸਿੰਘ, ਅਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਬੇਅੰਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਸੰਦੀਪ ਸਿੰਘ, ਚਮਕੌਰ ਸਿੰਘ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਲਖਵਿੰਦਰ ਕੌਰ, ਰਾਕੇਸ਼ ਸਰਮਾਂ, ਰਖਵਿੰਦਰ ਕੌਰ, ਅਕਾਸ਼ਦੀਪ ਸਿੰਘ ਅਤੇ ਵਰਕਰ ਮੌਜੂਦ ਸਨ ।