ਬਾਬਾ ਬਲਬੀਰ ਸਿੰਘ ਵਲੋਂ ਲਖਨਾਊ ਦੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਬੰਦ ਕਰਨ ਦੀ ਸਖਤ ਨਿੰਦਾ

20

October

2020

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉੱਤਰ ਪ੍ਰਦੇਸ਼ ਪ੍ਰਾਂਤ ਸ਼ਹਿਰ ਦੇ ਲਖਨਾਊ ਦੇ ਮੈਮੋਰਾ ਸਥਿਤ ਗੁਰਦੁਆਰਾ ਸਾਹਿਬ ਦੇ ਮੁਖ ਦੁਆਰ ਵਾਲੇ ਰਸਤੇ ਪੁਰ ਪ੍ਰਸ਼ਾਸ਼ਨ ਵਲੋਂ ਜਬਰੀ ਪੁਟਾਈ ਕਰਕੇ ਰਸਤੇ ਬੰਦ ਕਰਨ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਮਿਲ ਬੈਠ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਇੱਕ ਵਾਰ 2004 ਵਿਚ ਉਠਿਆਂ ਤੇ ਉਸ ਸਮੇਂ ਪ੍ਰਸ਼ਾਸ਼ਨ ਵਲੋਂ ਇਹ ਰਸਤਾ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਗਿਆ ਸੀ।ਹੁਣ 16 ਸਾਲ ਬਾਅਦ ਮੁੜ ਪ੍ਰਸ਼ਾਸ਼ਨ ਵਲੋਂ ਰਾਤੋ ਰਾਤ ਰਸਤੇ ਨੂੰ ਜੇ.ਸੀ.ਪੀ ਨਾਲ ਪੁਟ ਕੇ ਡੂਘੀਆਂ ਖਾਈਆਂ ਬਣਾ ਦਿੱਤੀਆਂ ਗਈਆਂ ਹਨ। ਸੰਗਤ ਦਾ ਗੁਰਦੁਆਰਾ ਸਾਹਿਬ ਆਉਣ ਜਾਣ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ।