ਇਮੀਗ੍ਰੇਸ਼ਨ ਠੱਗੀ 'ਤੇ ਕੈਨੇਡਾ ਦਾ ਵੱਡਾ ਐਕਸ਼ਨ: 'ਨਫ਼ੇ-ਨੁਕਸਾਨ ਦੇ ਰਿਸ਼ਤਿਆਂ' ਦੀ ਜਾਂਚ ਲਈ ਅਫ਼ਸਰਾਂ ਨੂੰ ਦਿੱਤੀ ਗਈ ਉਚੇਚੀ ਸਿਖਲਾਈ
ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਪੜਤਾਲ ਅਤੇ ਵੀਜ਼ਾ ਨਿਯਮਾਂ 'ਚ ਕੀਤੀ ਜਾ ਰਹੀ ਸਖ਼ਤੀ ਦਰਮਿਆਨ, ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ (Marriage Fraud) ਵਿਰੁੱਧ ਇੱਕ ਨਵੀਂ ਤਾਜ਼ਾ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰੀ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ (PR) ਅਤੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ਼ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਹਾਸਲ ਕਰਨ ਦੇ ਮਕਸਦ ਨਾਲ ਬਣਾਏ ਗਏ 'ਸੁਆਰਥੀ ਰਿਸ਼ਤਿਆਂ' ਦੇ ਗੰਭੀਰ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ। ਇਹ ਚਿਤਾਵਨੀ 'ਇਮੀਗ੍ਰੇਸ਼ਨ, ਰੈਫ਼ਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ' (IRCC) ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ ਗਈ ਹੈ, jਿਸ ਵਿੱਚ ਝੂਠੇ ਵਿਆਹਾਂ ਅਤੇ 'ਨਫ਼ੇ-ਨੁਕਸਾਨ ਦੇ ਸਬੰਧਾਂ' (relationships of convenience) ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। IRCC ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਜ਼ਰੂਰ ਕਰਨ। ਖਾਸ ਕਰਕੇ ਜਦੋਂ ਉਹ ਵਿਅਕਤੀ ਨਵਾਂ-ਨਵਾਂ ਮਿਲਿਆ ਹੋਵੇ, ਤੁਰੰਤ ਵਿਆਹ ਲਈ ਦਬਾਅ ਪਾ ਰਿਹਾ ਹੋਵੇ, ਉਸ ਦਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ, ਜਾਂ ਉਹ ਆਪਣੇ ਪਰਿਵਾਰਕ ਪਿਛੋਕੜ ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੋਵੇ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ, 'ਨਫ਼ੇ-ਨੁਕਸਾਨ ਦਾ ਰਿਸ਼ਤਾ' ਉਹ ਹੁੰਦਾ ਹੈ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਪਹੁੰਚਾਉਣ ਦੀ ਨੀਅਤ ਨਾਲ ਕੀਤਾ ਗਿਆ ਹੋਵੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਉਚੇਚੀ ਸਿਖਲਾਈ ਦਿੱਤੀ ਗਈ ਹੈ। ਦਸਤਾਵੇਜ਼ਾਂ ਦੀ ਪੜਤਾਲ ਅਤੇ ਇੰਟਰਵਿਊਆਂ ਰਾਹੀਂ ਅਸਲੀ ਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਐਡਵਾਇਜ਼ਰੀ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ 'ਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪੀਆਰ ਧਾਰਕਾਂ 'ਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਪੰਜਾਬ ਵਿੱਚ ਆਈ.ਈ.ਐੱਲ.ਟੀ.ਐੱਸ. (IELTS) 'ਠੇਕਾ ਵਿਆਹਾਂ' ਅਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਕਸਰ ਅਜਿਹੇ ਮਾਮਲਿਆਂ ਵਿੱਚ ਬੈਂਡ ਪ੍ਰਾਪਤ ਕਰਨ 'ਚ ਅਸਮਰੱਥ ਲੜਕਾ ਕਿਸੇ ਹੋਸ਼ਿਆਰ ਲੜਕੀ ਦੀ ਪੜ੍ਹਾਈ, ਟਿਕਟ ਅਤੇ ਕੈਨੇਡਾ ਰਹਿਣ ਦਾ ਸਾਰਾ ਖ਼ਰਚਾ ਚੁੱਕਦਾ ਹੈ ਤਾਂ ਜੋ ਉਹ 'ਸਪਾਊਸ ਵੀਜ਼ੇ' (Spouse Visa) 'ਤੇ ਉਸ ਨੂੰ ਬੁਲਾ ਸਕੇ। ਪਰ ਕੈਨੇਡਾ ਪਹੁੰਚ ਕੇ ਕਈ ਲੜਕੀਆਂ ਵੱਲੋਂ ਸਬੰਧ ਤੋੜ ਲਏ ਜਾਂਦੇ ਹਨ, ਜਿਸ ਨਾਲ ਪੰਜਾਬ ਵਿੱਚ ਅਦਾਲਤੀ ਲੜਾਈਆਂ ਵਧ ਰਹੀਆਂ ਹਨ। ਦੂਜੇ ਪਾਸੇ, ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਅਤੇ ਸਟੂਡੈਂਟ ਵੀਜ਼ਿਆਂ 'ਤੇ ਨਿਗਰਾਨੀ ਸਖ਼ਤ ਕਰਦਿਆਂ ਇਹ ਕਦਮ ਚੁੱਕੇ ਹਨ। ਇਸ ਦੇ ਨਾਲ ਹੀ, IRCC ਨੇ ਘਰੇਲੂ ਹਿੰਸਾ ਅਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਔਰਤਾਂ ਜਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ 'ਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਹਨ।
Posted By: Daily Suraj Bureau