Daily Suraj

ਪੰਜਾਬੀ

ਅਮਰੀਕਾ ਵਿੱਚ ਸਖ਼ਤੀ: ਇੰਡੀਆਨਾ ਵਿੱਚ 1790 ਡਰਾਈਵਰਾਂ ਦੇ ਲਾਇਸੈਂਸ ਰੱਦ

03 Apr, 2026 11:27 AM

ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਵਧਾ ਦਿੱਤੀ ਗਈ ਹੈ। ਇੰਡੀਆਨਾ ਸੂਬੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਪੰਜਾਬੀਆਂ ਸਮੇਤ ਹੋਰ ਗੈਰ-ਕਾਨੂੰਨੀ ਪ੍ਰਵਾਸੀ ਡਰਾਈਵਰਾਂ ਦੇ 1,790 ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ, ਇਹ ਕਾਰਵਾਈ ਉਹਨਾਂ ਡਰਾਈਵਰਾਂ ‘ਤੇ ਕੀਤੀ ਗਈ ਹੈ ਜੋ ਬਿਨਾਂ ਵੈਧ ਵੀਜ਼ਾ ਸ਼੍ਰੇਣੀਆਂ—H-2A, H-2B ਜਾਂ E-2—ਦੇ ਅਮਰੀਕਾ ਵਿੱਚ ਰਹਿ ਰਹੇ ਸਨ। ਇੰਡੀਆਨਾ ਬਿਊਰੋ ਆਫ ਮੋਟਰ ਵਹੀਕਲਜ਼ (BMV) ਵੱਲੋਂ 16 ਮਾਰਚ ਨੂੰ 1,790 ਡਰਾਈਵਰਾਂ ਨੂੰ ਨੋਟਿਸ ਜਾਰੀ ਕਰਕੇ ਲਾਇਸੈਂਸ ਰੱਦ ਕਰਨ ਬਾਰੇ ਸੂਚਿਤ ਕੀਤਾ ਗਿਆ ਸੀ, ਜਦਕਿ ਇਹ ਕਾਨੂੰਨ 1 ਅਪ੍ਰੈਲ ਤੋਂ ਲਾਗੂ ਹੋ ਗਿਆ। ਸੂਬੇ ਦੇ ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ‘ਤੇ ਦਸਤਖਤ ਕੀਤੇ ਸਨ। ਇਸ ਕਾਰਵਾਈ ਨਾਲ ਸਭ ਤੋਂ ਵੱਧ ਪ੍ਰਭਾਵ ਪੰਜਾਬੀ ਭਾਈਚਾਰੇ ਦੇ ਡਰਾਈਵਰਾਂ ‘ਤੇ ਪਿਆ ਹੈ। ਸਰਕਾਰੀ ਪੱਖੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਫਰਵਰੀ 2026 ਵਿੱਚ ਹੋਏ ਦੋ ਵੱਡੇ ਸੜਕ ਹਾਦਸਿਆਂ ਤੋਂ ਬਾਅਦ ਲਿਆ ਗਿਆ ਸੀ, ਜਿਨ੍ਹਾਂ ਵਿੱਚ ਪੰਜਾਬੀ ਟਰੱਕ ਡਰਾਈਵਰ ਸ਼ਾਮਲ ਸਨ। ਖਾਸ ਕਰਕੇ, ਸੁਖਦੀਪ ਸਿੰਘ ਦੇ ਟਰੱਕ ਨਾਲ ਹੋਏ ਇੱਕ ਹਾਦਸੇ ਵਿੱਚ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਗੈਰ-ਤਜਰਬੇਕਾਰ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾ ਸਕੇਗਾ ਅਤੇ ਸੜਕ ਸੁਰੱਖਿਆ ਵਿੱਚ ਸੁਧਾਰ ਆਵੇਗਾ। ਨਵੇਂ ਨਿਯਮਾਂ ਅਨੁਸਾਰ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਟਰੱਕ ਮਾਲਕਾਂ ਵੱਲੋਂ ਰੱਦ ਕੀਤੇ ਲਾਇਸੈਂਸਾਂ ਵਾਲੇ ਡਰਾਈਵਰਾਂ ਨੂੰ ਨੌਕਰੀ ‘ਤੇ ਰੱਖਿਆ ਜਾਵੇਗਾ, ਉਨ੍ਹਾਂ ‘ਤੇ 50,000 ਡਾਲਰ ਤੱਕ ਜੁਰਮਾਨਾ ਲਗਾਇਆ ਜਾਵੇਗਾ। ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਟਾ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਕਿਸੇ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਟਰੱਕ ਚਲਾਉਣ ਵਾਲੇ ਡਰਾਈਵਰ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਕਾਨੂੰਨੀ ਤੌਰ ‘ਤੇ ਯੋਗ ਹੋਣ।

Posted By: Daily Suraj Bureau

Latest News