Daily Suraj

ਪੰਜਾਬੀ

ਗਾਜ਼ੀਆਬਾਦ ਤੋਂ ਲਾਪਤਾ ਚਾਰ ਨਾਬਾਲਗ ਬੱਚੇ ਅੰਮ੍ਰਿਤਸਰ ਵਿੱਚੋਂ ਬਰਾਮਦ

07 Apr, 2026 03:06 PM

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ ਤੋਂ ਲਾਪਤਾ ਹੋਏ ਚਾਰ ਨਾਬਾਲਗ ਬੱਚਿਆਂ ਨੂੰ ਅੰਮ੍ਰਿਤਸਰ ਪੁਲੀਸ ਨੇ ਸਫਲਤਾਪੂਰਵਕ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਬੱਚਿਆਂ ਨੂੰ ਗਾਜ਼ੀਆਬਾਦ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਉਨ੍ਹਾਂ ਦੇ ਮਾਪਿਆਂ ਕੋਲ ਪਹੁੰਚਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਈਸਟ ਅਨੁਭਵ ਜੈਨ ਨੇ ਦੱਸਿਆ ਕਿ ਗਾਜ਼ੀਆਬਾਦ ਪੁਲੀਸ ਵੱਲੋਂ ਚਾਰ ਬੱਚਿਆਂ ਦੇ ਲਾਪਤਾ ਹੋਣ ਬਾਰੇ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸੰਭਾਵਨਾ ਜਤਾਈ ਗਈ ਕਿ ਬੱਚੇ ਅੰਮ੍ਰਿਤਸਰ ਵਿੱਚ ਹੋ ਸਕਦੇ ਹਨ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ। ਥਾਣਾ ਮੋਹਕਮਪੁਰਾ ਦੀ ਪੁਲੀਸ ਨੇ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਚਾਰਾਂ ਬੱਚਿਆਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੇ ਪਰਿਵਾਰ ਵਿੱਚ ਆਪਸੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ-ਦੂਜੇ ਨਾਲ ਮਿਲਣ ਤੋਂ ਰੋਕਿਆ ਗਿਆ ਸੀ। ਇਸ ਕਾਰਨ ਬੱਚੇ ਨਿਰਾਸ਼ ਸਨ ਅਤੇ ਆਪਸ ਵਿੱਚ ਮਿਲਣ ਲਈ ਘਰ ਛੱਡ ਗਏ ਸਨ। ਇਸ ਮਾਮਲੇ ਸਬੰਧੀ 3 ਅਪ੍ਰੈਲ ਨੂੰ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਮਿਲੀ, ਜਿਸ ਤੋਂ ਬਾਅਦ ਗਾਜ਼ੀਆਬਾਦ ਪੁਲੀਸ ਨੇ ਅੰਮ੍ਰਿਤਸਰ ਪੁਲੀਸ ਨਾਲ ਸੰਪਰਕ ਕੀਤਾ। ਦੋਹਾਂ ਸੂਬਿਆਂ ਦੀ ਪੁਲੀਸ ਦੀ ਸਾਂਝੀ ਕਾਰਵਾਈ ਨਾਲ ਬੱਚਿਆਂ ਨੂੰ ਸੁਰੱਖਿਅਤ ਲੱਭ ਲਿਆ ਗਿਆ। ਬੱਚਿਆਂ ਦੇ ਮਾਪਿਆਂ ਨੇ ਅੰਮ੍ਰਿਤਸਰ ਪੁਲੀਸ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਅੰਸ਼ੂ, ਅੰਸ਼ਿਕਾ, ਖੁਸ਼ੀ ਅਤੇ ਕਾਜ਼ਲ ਘਰ ਤੋਂ ਲਾਪਤਾ ਹੋ ਗਏ ਸਨ। ਪੁਲੀਸ ਦੇ ਸਹਿਯੋਗ ਨਾਲ ਉਨ੍ਹਾਂ ਦੇ ਬੱਚੇ ਮੁੜ ਸੁਰੱਖਿਅਤ ਮਿਲ ਗਏ ਹਨ।

Posted By: Daily Suraj Bureau

Latest News