ਬਠਿੰਡਾ 'ਚ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸਤ ਗਰਮਾਈ, ਅਕਾਲੀ ਦਲ ਨੇ ਮੰਗਿਆ ਪਿੰਡ-ਵਾਰ ਹਿਸਾਬ
ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ 3.12 ਮਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਨੂੰ ਪਾਰਟੀ ਵੱਲੋਂ ਇੱਕ ਸਟਿੰਗ ਅਪਰੇਸ਼ਨ ਦੱਸਿਆ ਗਿਆ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਇੱਕ ਔਰਤ ਵੱਲੋਂ ਮਹਿਜ਼ 600 ਰੁਪਏ ਵਿੱਚ 'ਚਿੱਟਾ' (ਨਸ਼ੀਲਾ ਪਦਾਰਥ) ਵੇਚਿਆ ਜਾ ਰਿਹਾ ਹੈ। ਵੀਡੀਓ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਤਨਜ਼ ਕੱਸਦਿਆਂ ਲਿਖਿਆ ਕਿ ਪਿਜ਼ਾ ਪਹੁੰਚਣ ਵਿੱਚ 30 ਮਿੰਟ ਲੱਗਦੇ ਹਨ ਅਤੇ ਬਲਿੰਕਿਟ ਰਾਹੀਂ ਸਾਮਾਨ 10 ਮਿੰਟਾਂ ਵਿੱਚ ਆਉਂਦਾ ਹੈ, ਪਰ ਸੂਬੇ ਵਿੱਚ 'ਚਿੱਟਾ' ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਉਪਲਬਧ ਹੋ ਰਿਹਾ ਹੈ। ਅਕਾਲੀ ਦਲ ਨੇ ਇਸ ਸਾਰੇ ਘਟਨਾਕ੍ਰਮ ਦੀ ਤੁਰੰਤ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਮਹਿਜ਼ ਅੰਕੜੇ ਪੇਸ਼ ਕਰਨ ਦੀ ਬਜਾਏ ਪਿੰਡ-ਵਾਰ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਅਸਲ ਕਾਰਵਾਈ ਦਾ ਹਿਸਾਬ ਜਨਤਕ ਕਰੇ। ਇਹ ਦੋਸ਼ ਅਜਿਹੇ ਵੇਲੇ ਸਾਹਮਣੇ ਆਏ ਹਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਠਿੰਡਾ ਜ਼ਿਲ੍ਹੇ ਦੇ ਤਿੰਨ ਦਿਨਾਂ ਦੌਰੇ 'ਤੇ ਹਨ ਅਤੇ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾਈ ਜਾ ਰਹੀ ਹੈ। ਦੂਜੇ ਪਾਸੇ, ਪੁਲੀਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸੰਗਤ ਦੇ ਐੱਸ.ਐੱਚ.ਓ. ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਵਾਇਰਲ ਹੋ ਰਹੀ ਇਹ ਵੀਡੀਓ ਸ਼ੁੱਕਰਵਾਰ ਦੀ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਗੱਗੂ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਹੈ। ਐੱਸ.ਐੱਚ.ਓ. ਨੇ ਇਹ ਵੀ ਸਾਫ਼ ਕੀਤਾ ਕਿ ਸੰਗਤ ਇਲਾਕਾ ਨਸ਼ਿਆਂ ਦਾ ਕੋਈ ਹੌਟਸਪੌਟ ਖੇਤਰ ਨਹੀਂ ਹੈ।
Posted By: Daily Suraj Bureau