ਪੱਛਮੀ ਬੰਗਾਲ: ਰੋਡ ਸ਼ੋਅ ਵੱਲ ਜਾਂਦੇ ਸਮੇਂ ਸੰਸਦ ਮੈਂਬਰ ਦੀ ਗੱਡੀ ‘ਤੇ ਪੱਥਰਾਅ
ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਟ੍ਰਿਨਮੂਲ ਕਾਂਗਰਸ (ਟੀਐਮਸੀ) ਦੀ ਸੰਸਦ ਮੈਂਬਰ ਮਿਤਾਲੀ ਬੈਗ ਦੀ ਕਾਰ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਮਿਤਾਲੀ ਬੈਗ ਗੋਘਾਟ ਤੋਂ ਆਰਾਮਬਾਗ ਵੱਲ ਅਭਿਸ਼ੇਕ ਬੈਨਰਜੀ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਹਮਲੇ ਦੌਰਾਨ ਗੱਡੀ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ, ਜਿਸ ਕਾਰਨ ਸੰਸਦ ਮੈਂਬਰ ਅਤੇ ਉਨ੍ਹਾਂ ਦਾ ਡਰਾਈਵਰ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਆਰਾਮਬਾਗ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮਿਤਾਲੀ ਬੈਗ ਕੈਮਰੇ ਸਾਹਮਣੇ ਭਾਵੁਕ ਹੋ ਗਈ ਅਤੇ ਹੰਝੂਆਂ ਵਿੱਚ ਕਹਿੰਦੀ ਸੁਣਾਈ ਦਿੱਤੀ ਕਿ ਉਨ੍ਹਾਂ ਦੀ ਕਾਰ ‘ਤੇ ਵੱਡੇ ਪੱਥਰ ਸੁੱਟੇ ਗਏ ਅਤੇ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ। ਟੀਐਮਸੀ ਨੇ ਇਸ ਹਮਲੇ ਲਈ ਭਾਜਪਾ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦਾ ਦਾਅਵਾ ਹੈ ਕਿ ਗੋਘਾਟ ਵਿੱਚ ਸੰਸਦ ਮੈਂਬਰ ਦੀ ਕਾਰ ‘ਤੇ ਇੱਟਾਂ, ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਟੀਐਮਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਇਹ ਹਮਲਾ ਹੋਇਆ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿੰਟੂ ਸੰਤਰਾ, ਸਨਾਤਨ ਸੰਤਰਾ ਅਤੇ ਰਾਜਕੁਮਾਰ ਰਾਏ ਵਜੋਂ ਹੋਈ ਹੈ, ਜਿਨ੍ਹਾਂ ਨੂੰ ਭਾਜਪਾ ਵਰਕਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Posted By: Daily Suraj Bureau