Daily Suraj

ਪੰਜਾਬੀ

ਅੰਮ੍ਰਿਤਸਰ ਹਵਾਈ ਅੱਡੇ ਦੇ ਆਲੇ-ਦੁਆਲੇ ਡਰੋਨ ਉਡਾਉਣ 'ਤੇ ਪੂਰਨ ਪਾਬੰਦੀ, ਹੁਕਮ ਜਾਰੀ

08 Sep, 2026 05:48 PM

ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਡਰੋਨ ਕੈਮਰੇ ਉਡਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਪੱਲਵੀ ਮਿਸ਼ਰਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ।ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਹ ਪਾਬੰਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ, ਅਜਨਾਲਾ ਰੋਡ, ਰਾਜਾਸਾਂਸੀ ਦੇ ਦਿਹਾਤੀ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਬੰਦਿਸ਼ 6 ਨਵੰਬਰ 2026 ਤੱਕ ਅਮਲ ਵਿੱਚ ਰਹੇਗੀ।ਪ੍ਰਸ਼ਾਸਨਿਕ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਦਿਨ-ਰਾਤ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਏਅਰਪੋਰਟ ਦੇ ਨੇੜਲੇ ਦਿਹਾਤੀ ਇਲਾਕਿਆਂ ਵਿੱਚ ਕਈ ਹੋਟਲ ਅਤੇ ਮੈਰਿਜ ਪੈਲੇਸ ਸਥਿਤ ਹਨ, ਜਿੱਥੇ ਆਮ ਲੋਕ ਆਪਣੇ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ ਦੀ ਵੀਡੀਓਗ੍ਰਾਫੀ ਲਈ ਡਰੋਨ ਕੈਮਰਿਆਂ ਦੀ ਵਰਤੋਂ ਕਰਦੇ ਹਨ। ਅਧਿਕਾਰੀਆਂ ਅਨੁਸਾਰ ਅਜਿਹੇ ਸਮਾਗਮਾਂ ਦੀ ਆੜ ਵਿੱਚ ਕੋਈ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਕਿਸੇ ਵੱਡੀ ਅਣਸੁਖਾਵੀਂ ਘਟਨਾ ਜਾਂ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ। ਇਸ ਲਈ ਹਵਾਈ ਅੱਡੇ ਅਤੇ ਉਡਾਣਾਂ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

Posted By: Daily Suraj Bureau

Latest News